ਭਾਸ਼ਾ ਵਿਭਾਗ ਵੱਲੋਂ ਹਿੰਦੀ ਦਿਵਸ ਸਬੰਧੀ ਸਮਾਗਮ 16 ਸਤੰਬਰ ਨੂੰ
ਪਟਿਆਲਾ 15 ਸਤੰਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਕਾਲੀਦਾਸ ਐਡੀਟੋਰੀਅਮ, ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ ਵਿਖੇ 16 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਨੇ ਦੱਸਿਆ ਕਿ ਸ਼ਾਮ 5-30 ਵਜੇ ਆਰੰਭ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ, ਸ਼੍ਰੋਮਣੀ ਸਾਹਿਤ ਰਤਨ ਵੱਲੋਂ ਕੀਤੀ ਜਾਵੇਗੀ । ਇਸ ਮੌਕੇ ‘ਨਾਟਕ ਵਾਲਾ’ ਗਰੁੱਪ ਪਟਿਆਲਾ ਵੱਲੋਂ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ‘ਗੋਦਾਨ ‘ਤੇ ਅਧਾਰਿਤ ਨਾਟਕ, ਸ੍ਰੀ ਰਾਜੇਸ਼ ਸ਼ਰਮਾ ਦੀ ਨਿਰਦੇਸ਼ਨਾ ‘ਚ ਖੇਡਿਆ ਜਾਵੇਗਾ। ਪੰਜਾਬ ਵਿੱਚ ‘ਹਿੰਦੀ ਭਾਸ਼ਾ ਦੀ ਮੌਜੂਦਾ ਸਥਿਤੀ ‘ ਤੇ ਡਾ. ਵਿਕਾਸ ਕੁਮਾਰ, ਮੁਖੀ ਹਿੰਦੀ ਵਿਭਾਗ, ਸ਼ਹੀਦ ਉਧਮ ਸਿੰਘ ਕਾਲਜ, ਸੁਨਾਮ ਵੱਲੋਂ ਵੀ ਭਾਸ਼ਣ ਦਿੱਤਾ ਜਾਵੇਗਾ ।