ਚੰਡੀਗੜ, 2 ਦਸੰਬਰ : ਕੀਰਤਪੁਰ ਸਾਹਿਬ ਵਿੱਚ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨੇੜੇ ਸਤਲੁਜ ਦਰਿਆ ਕਿਨਾਰੇ ਸਥਿਤ ਸ਼ਮਸ਼ਾਨ ਘਾਟ ’ਤੇ ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਦਾ ਅੰਤਿਮ ਸੰਸਕਾਰ ਪੂਰੀ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਲਵਾਈ ਤੇ ਆਪਣੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਣ ਕੀਤੀਆਂ।
ਜਿਕਰਯੋਗ ਹੈ ਕਿ ਰਾਹ ਭਰ ਸੰਗਤਾਂ ਦਾ ਵੱਡਾ ਜਥਾ ਅਤੇ ਵਾਹਨਾਂ ਦਾ ਲੰਮਾ ਕਾਫ਼ਲਾ ਬਾਬਾ ਜੀ ਨਾਲ ਰਿਹਾ। ਕੀਰਤਪੁਰ ਸਾਹਿਬ ਪਹੁੰਚਣ ਉਪਰੰਤ ਸਤਲੁਜ ਕਿਨਾਰੇ ਬਣੇ ਸ਼ਮਸ਼ਾਨ ਘਾਟ ’ਤੇ ਬਾਬਾ ਜੀ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ ਅਤੇ ਉਹਨਾਂ ਨੂੰ ਪੰਜ ਤੱਤਾਂ ਵਿੱਚ ਵਿਲੀਨ ਕੀਤਾ ਗਿਆ।
ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ, ਦਲ ਪੰਥਾਂ ਦੇ ਪ੍ਰਤਿਨਿਧੀਆਂ ਅਤੇ ਅਨੇਕ ਸਤਿਕਾਰ ਜੋਗ ਆਗੂਆਂ ਨੇ ਹਾਜ਼ਰੀ ਭਰੀ।