ਪਟਿਆਲਾ, 20 ਫਰਵਰੀ : ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 21 ਫਰਵਰੀ ਤੋਂ 2 ਮਾਰਚ ਤੱਕ ਲੱਗਣ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੀਆਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸ਼ੀਸ਼ ਮਹਿਲ ਵਿਖੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਤੇ ਹੋਰ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਰੰਗਲਾ ਪੰਜਾਬ ਸੰਕਲਪ ਅਤੇ ਪਿੰਡ ਪੱਧਰੀ ਸਵੈ ਸਹਾਇਤਾ ਗਰੁੱਪਾਂ (ਸੈਲਫ ਹੈਲਪ ਗਰੁੱਪਾਂ) ਅਤੇ ਮਹਿਲਾ ਉਦਮੀਆਂ ਨੂੰ ਸਰਕਾਰੀ ਪੱਧਰ ‘ਤੇ ਮਜ਼ਬੂਤ ਮਾਕੀਟਿੰਗ ਮੰਚ ਪ੍ਰਦਾਨ ਕਰਵਾਉਣ ਲਈ ਕਰਾਫ਼ਟ ਮੇਲਾ ਪਹਿਲੀ ਵਾਰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਦਰਸ਼ਕਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਲਈ 22 ਫਰਵਰੀ ਨੂੰ ਮਸ਼ਹੂਰ ਗਾਇਕ ਬੌਬੀ ਸਿੱਧੂ, 24 ਫਰਵਰੀ ਨੂੰ ਹਰਭਜਨ ਮਾਨ, 26 ਫਰਵਰੀ ਨੂੰ ਗੁਰਲੇਜ਼ ਅਖ਼ਤਰ ਅਤੇ 2 ਮਾਰਚ ਨੂੰ ਆਰ ਨੇਤ ਵਲੋਂ ਆਪਣੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਜਦਕਿ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 100 ਤੋਂ ਵਧੇਰੇ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਦੇਸ਼ ਭਰ ਤੋਂ ਪੁੱਜਣ ਵਾਲੇ 400 ਤੋਂ ਵੱਧ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 200 ਸਟਾਲਾਂ ‘ਤੇ ਸਜਾਈਆਂ ਜਾਣਗੀਆਂ।
ਇਸ ਮੌਕੇ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦਿਹਾਤੀ ਖੇਤਰਾਂ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਸਵੈ ਸਹਾਇਤਾ ਗਰੁੱਪਾਂ ਤੇ ਮਹਿਲਾ ਉਦਮੀਆਂ ਨੂੰ ਪ੍ਰਫੁੱਲਤ ਕਰਨ ਲਈ ‘ਪੰਜਾਬ ਸਖੀ ਸ਼ਕਤੀ’ ਨਾਮ ਦੇ ਇਸ ਉਪਰਾਲੇ ਤਹਿਤ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮਹਿਕਮੇ ਦੇ ਅਧੀਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਲਗਾਇਆ ਜਾ ਰਿਹਾ ਇਹ ਪੰਜਾਬ ਸਖ਼ੀ ਸ਼ਕਤੀ ਕਰਾਫ਼ਟ ਮੇਲਾ ਵੱਖ-ਵੱਖ ਰਾਜਾਂ ਦੇ ਦਸਤਕਾਰਾਂ ਤੇ ਵਿਦੇਸ਼ਾਂ ਦੇ ਸ਼ਿਲਪਕਾਰਾਂ ਸਮੇਤ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੂੰ ਆਪਣੇ ਉਤਪਾਦ ਵੇਚਣ ਲਈ ਇੱਕ ਮੰਚ ਪ੍ਰਦਾਨ ਕਰੇਗਾ।
ਏ.ਡੀ.ਸੀ. ਮਾਨ ਨੇ ਦੱਸਿਆ ਕਿ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਦੌਰਾਨ ਦਰਸ਼ਕਾਂ ਦੀ ਖਰੀਦੋ-ਫ਼ਰੋਖ਼ਤ ਲਈ ਧਾਤਾਂ ‘ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ ‘ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਾਰਪੈਟ, ਸਿਲਕ, ਫੁਲਕਾਰੀ, ਹੱਥੀਂ ਕਢਾਈ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ। ਇਸ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਖੁਜ਼ਰਾ ਪੌਟਰੀ, ਜੈਪੁਰ ਪੌਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੌਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਅਤੇ ਹੋਰ ਅਣਗਿਣਤ ਕਿਸਮਾਂ ਵੀ ਉਪਲਬੱਧ ਹੋਣਗੀਆਂ।
ਦਮਨਜੀਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰਕ ਵੱਲੋਂ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਜ਼ੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜਦਕਿ ਦਰਸ਼ਕਾਂ ਦੇ ਖਾਣ ਪੀਣ ਲਈ ਲਜੀਜ਼ ਪਕਵਾਨਾਂ ਦੀਆਂ 20 ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਦਕਿ ਇਸ ਦੌਰਾਨ ਕਿਡਜ਼ ਕਾਰਨਰ, ਬੱਚਿਆਂ ਲਈ ਝੂਲੇ ਤੇ ਹੋਰ ਬੰਦੋਬਸਤ ਵੀ ਹਨ। ਮੇਲੇ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਕੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਤੇ ਹਦਾਇਤ ਕੀਤੀ ਕਿ ਤਿਆਰੀਆਂ ‘ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ ਤੇ ਇੱਥੇ ਪਟਿਆਲਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਬਾਹਰੋਂ ਵੀ ਦਰਸ਼ਕ ਪੁੱਜਣਗੇ। ਇਸ ਮੌਕੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮਜ ਨਮਨ ਮਾਰਕੰਨ, ਰਿਚਾ ਗੋਇਲ, ਹਰਜੋਤ ਕੌਰ, ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ, ਸੀ.ਐਮ.ਐਫ.ਓ. ਸਤੀਸ਼ ਚੰਦਰ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।