ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ: ਸੀ.ਸੀ.ਟੀ.ਵੀ ਕੈਮਰਿਆਂ ਦੀ ਤਕਨੀਕੀ ਸੁਰੱਖਿਆ ਦੇ ਘੇਰੇ ਚ ਚੱਲ ਰਿਹਾ ਹੈ 

ਪਟਿਆਲਾ, 26 ਫਰਵਰੀ : ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ ਚੱਲ ਰਿਹਾ ‘ਸਖੀ ਸ਼ਕਤੀ ਕਰਾਫਟ ਮੇਲੇ’ ਵਿੱਚ ਇਸ ਵਾਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਅਜਿਹੇ ਇੰਤਜ਼ਾਮ ਕੀਤੇ ਗਏ ਹਨ, ਜੋ ਆਮ ਤੌਰ ‘ਤੇ ਵੱਡੇ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਦੇਖਣ ਨੂੰ ਮਿਲਦੇ ਹਨ। ਮੇਲੇ ਵਿੱਚ ਆਉਣ ਵਾਲੇ ਰੋਜ਼ਾਨਾ ਹਜ਼ਾਰਾਂ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਕੰਪਲੈਕਸ ਨੂੰ ‘ਆਰਟੀਫੀਸ਼ੀਅਲ ਇੰਟੈਲੀਜੈਂਸ ਸਰਵੀਲੈਂਸ’ ਹੇਠ ਲਿਆਂਦਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪੂਰੇ ਸ਼ੀਸ਼ ਮਹਿਲ ਨੂੰ ਸੀ.ਸੀ.ਟੀ.ਵੀ. ਕੈਮਰ‌ਿਆਂ ਦੀ ਤੀਜੀ ਅੱਖ ਦੇ ਸਖ਼ਤ ਪਹਿਰੇ ਹੇਠ ਏਆਈ ਅਤੇ ਫੇਸ ਡਿਕੈਸ਼ਨ ਤਕਨੀਕ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੇ ਚੱਪੇ-ਚੱਪੇ ‘ਤੇ ਨਜ਼ਰ ਰੱਖਣ ਲਈ 100 ਤੋਂ ਵੱਧ ਹਾਈ-ਡੈਫੀਨੇਸ਼ਨ ਏ.ਆਈ. ਫੇਸ ਡਿਟੈਕਸ਼ਨ ਤਕਨੀਕ ਨਾਲ ਲੈਸ ਕੈਮਰੇ ਸਥਾਪਿਤ ਕੀਤੇ ਗਏ ਹਨ।

ਇਹ ਸਿਸਟਮ ਭੀੜ ਵਿੱਚ ਵੀ ਹਰ ਵਿਅਕਤੀ ਦੇ ਚਿਹਰੇ ਨੂੰ ਸਪਸ਼ਟ ਤੌਰ ‘ਤੇ ਪਛਾਣਨ ਅਤੇ ਰਿਕਾਰਡ ਕਰਨ ਦੀ ਸਮਰੱਥਾ ਰੱਖਦਾ ਹੈ।ਇਸ ਨਾਲ ਮੇਲੇ ਵਿੱਜ ਭੀੜ ਪ੍ਰਬੰਧਨ ਕਰਦਿਆਂ ਅਜਿਹੀ ਤਕਨੀਕ ਵਰਤੀ ਜਾ ਰਹੀ ਹੈ ਕਿ ਜੇਕਰ ਮੇਲੇ ਦੇ ਕਿਸੇ ਹਿੱਸੇ ਵਿੱਚ ਭੀੜ ਨਿਰਧਾਰਿਤ ਹੱਦ ਤੋਂ ਵੱਧ ਹੁੰਦੀ ਹੈ, ਤਾਂ ਏ ਆਈ ਸਿਸਟਮ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕਰਦਾ ਹੈ। 360 ਡਿਗਰੀ ਨਿਗਰਾਨੀ ਕਰ‌ਿ‌ਦਿਆਂ  (ਪੈਨ-ਟਿਲਟ-ਜ਼ੂਮ) ਕੈਮਰਿਆਂ ਰਾਹੀਂ ਮੇਲੇ ਦੇ ਕੋਨੇ-ਕੋਨੇ ‘ਤੇ 360 ਡਿਗਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹ ਸਮੁੱਚੀ ਕਮਾਨ ਤਜਰਬੇਕਾਰ ਹੱਥਾਂ ਵਿੱਚ ਹੈ।

ਇਸ ਪੂਰੇ ਹਾਈ-ਟੈੱਕ ਨੈੱਟਵਰਕ ਨੂੰ ਚਲਾਉਣ ਦੀ ਜ਼ਿੰਮੇਵਾਰੀ ਰੀਅਲਟੈੱਕ ਕੰਪਨੀ ਨੂੰ ਸੌਂਪੀ ਗਈ ਹੈ। ਏ.ਡੀ.ਸੀ ਮਾਨ ਨੇ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਹੈ ਕਿ ਮੇਲੇ ਵਿੱਚ ਸੁਰੱਖਿਅਤ ਅਤੇ ਪਰਿਵਾਰਕ ਮਾਹੌਲ ਬਰਕਰਾਰ ਰੱਖਿਆ ਜਾਵੇ,ਇਸ  ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਦਮ ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ।

Scroll to Top