ਪੰਜਾਬੀ ਯੂਨੀਵਰਸਿਟੀ ਵਿਖੇ 37ਵੀਂ ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਸੰਪੰਨ

ਪਟਿਆਲਾ, 30 ਜਨਵਰੀ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਗਈ 37ਵੀਂ ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਉਚੇਰੀ ਸਿੱਖਿਆ ਲਈ ਪੰਜਾਬੀ ਵਿੱਚ ਪਾਠ ਸਮੱਗਰੀ ਤਿਆਰ ਕਰਨ ਦੇ ਅਹਿਦ ਨਾਲ ਸੰਪੰਨ ਹੋ ਗਈ। ‘ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ : ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ਉੱਤੇ ਤਿੰਨ ਦਿਨ ਚੱਲੀ ਇਸ ਕਾਨਫ਼ਰੰਸ ਵਿੱਚ ਵਿਗਿਆਨ, ਸਮਾਜ-ਵਿਗਿਆਨ, ਕਲਾ, ਸਾਹਿਤ, ਭਾਸ਼ਾ, ਇੰਜੀਨੀਅਰਿੰਗ, ਕੰਪਿਊਟਰ ਗਿਆਨ ਆਦਿ ਵਿਸ਼ਿਆਂ ਨਾਲ਼ ਸਬੰਧਤ 43 ਖੋਜ ਪੱਤਰ ਪੇਸ਼ ਹੋਏ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਦਾਇਗੀ ਸਮਾਗਮ ਦੌਰਾਨ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਤਿੰਨ ਰੋਜ਼ਾ ਕਾਨਫ਼ਰੰਸ ਉਪਰੰਤ ਇਹ ਜ਼ਰੂਰੀ ਹੈ ਕਿ ਉਚੇਰੀ ਸਿੱਖਿਆ ਜੇਕਰ ਪੰਜਾਬੀ ਮਾਧਿਅਮ ਵਿੱਚ ਕਰਵਾਉਣੀ ਹੈ ਤਾਂ ਇਸ ਲਈ ਸਾਨੂੰ ਪਾਠਕਾਂ ਦੇ ਪੱਧਰਾਂ ਨੂੰ ਧਿਆਨ ਵਿੱਚ ਰੱਖ ਕੇ ਪਾਠ-ਸਮੱਗਰੀ ਤਿਆਰ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬੀ ਯੂਨੀਵਰਸਿਟੀ ਪਹਿਲਤਾ ਦੇ ਆਧਾਰ ’ਤੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਇਸ ਬਾਰੇ ਵੀ ਯੋਜਨਾ ਬਣਾ ਰਹੀ ਹੈ ਕਿ ਵੱਖ-ਵੱਖ ਅਨੁਸ਼ਾਸਨ ਵਿੱਚ ਹੋਣ ਵਾਲੀਆਂ ਖੋਜਾਂ ਨੂੰ ਦੁਨੀਆਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਕਿਸ ਤਰ੍ਹਾਂ ਦੇ ਕਾਰਜ ਹੋ ਰਹੇ ਹਨ।
ਵਿਦਾਇਗੀ ਸਮਾਗਮ ਵਿੱਚ ਡਾ. ਰਵੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾਈ ਕੱਟੜਤਾ ਨੂੰ ਛੱਡ ਕੇ ਹੀ ਕੋਈ ਭਾਸ਼ਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਦਾ ਹਾਣੀ ਬਣਨ ਲਈ ਕਿਸੇ ਵੀ ਪ੍ਰਕਾਰ ਦੀ ਕੱਟੜਤਾ ਨੂੰ ਨਾ ਆਪਣਾ ਕੇ ਇੱਕ ਵਿਚਕਾਰਲਾ ਰਸਤਾ ਅਪਨਾਉਣ ਦੀ ਜ਼ਰੂਰਤ ਹੈ।
ਡਾ. ਸਤੀਸ਼ ਕੁਮਾਰ ਵਰਮਾ ਨੇ ਵਿਦਾਇਗੀ ਭਾਸ਼ਣ ਵਿੱਚ ਭਾਸ਼ਾਈ ਵਿਰਾਸਤ ਬਾਰੇ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਕੋਲ ਇੱਕ ਅਮੀਰ ਪਰੰਪਰਾ ਹੈ। ਪੰਜਾਬੀਆਂ ਨੂੰ ਇਹ ਅਮੀਰ ਪਰੰਪਰਾ ਦੁਨੀਆ ਤੱਕ ਲੈ ਕੇ ਜਾਣ ਦੀ ਲੋੜ ਹੈ।
ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਵਿਸ਼ੇ ਸਬੰਧੀ ਵਿਚਾਰ ਰੱਖੇ। ਕਾਨਫ਼ਰੰਸ ਦੀ ਰਿਪੋਰਟ ਡਾ. ਰਾਜਵੰਤ ਕੌਰ ਪੰਜਾਬੀ ਨੇ ਪੇਸ਼ ਕੀਤੀ।
 ਡਾ. ਗੁਰਸੇਵਕ ਸਿੰਘ ਲੰਬੀ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਕਿਹਾ ਕਾਨਫ਼ਰੰਸ ਵਿੱਚ ਉੱਭਰੇ ਨੁਕਤਿਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ।
ਵਿਦਾਇਗੀ ਸਮਾਗਮ ਤੋਂ ਪਹਿਲਾਂ ਕਾਨਫ਼ਰੰਸ ਵਿੱਚ ਸਿਖ਼ਰਲੇ ਦਿਨ ਹੋਏ ਸੈਸ਼ਨ ਦੌਰਾਨ ਉੱਘੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਨੇ ‘ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ’ ਵਿਸ਼ੇ ’ਤੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਦੱਸਿਆ ਕਿ ਇਸ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਹੁਣ ਤੱਕ ਬਹੁਤ ਕੰਮ ਕੀਤਾ ਹੈ ਪਰ ਇਸ ਦੇ ਬਾਵਜੂਦ ਸਮੇਂ ਦੀ ਲੋੜ ਅਨੁਸਾਰ ਹੋਰ ਕੰਮ ਕਰਨ ਦੀ ਜ਼ਰੂਰਤ ਹੈ।
 ਡਾ. ਜੋਗਾ ਸਿੰਘ ਨੇ ਆਪਣੇ ਪੇਪਰ ‘ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਿੱਥੋਂ ਤੇ ਕਿਵੇਂ ਕਰੀਏ’ ਵਿੱਚ ਕਿਹਾ ਕਿ ਇਸ ਵੇਲੇ ਉਚੇਰੀ ਸਿੱਖਿਆ ਵਿੱਚ ਭਾਸ਼ਾ ਦੀ ਪੜ੍ਹਾਈ ਦੀ ਲੋੜ ਹੈ। ਕਿਸੇ ਵਿਦਿਆਰਥੀ ਦੀ ਮਾਤ-ਭਾਸ਼ਾ ਤੇ ਜਿੰਨੀ ਗਹਿਰੀ ਪਕੜ ਹੋਵੇਗੀ ਵਿਦਿਆਰਥੀ ਦੂਜੀਆਂ ਭਾਸ਼ਾਵਾਂ ਨੂੰ ਸੌਖਿਆਂ ਸਿਖ ਸਕਦਾ ਹੈ।
 ਪ੍ਰਿੰਸੀਪਲ ਸੁਖਦਰਸ਼ਨ ਸਿੰਘ ਨੇ ਸਕੂਲਾਂ ਵਿੱਚ ਵਿਗਿਆਨ ਦੀ ਪੜ੍ਹਾਈ ਸਮੇਂ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਹਾਰਕ ਅਨੁਭਵ ਸਾਂਝੇ ਕੀਤੇ।
ਡਾ. ਸਿਕੰਦਰ ਸਿੰਘ ਨੇ ਸ਼ਬਦ ਘੜਨ ਦੀਆਂ ਮਾਨਸਿਕ ਗੁੰਝਲਾਂ ਵਿਸ਼ੇ ’ਤੇ ਆਪਣੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਦੱਖਣ ਦੀਆਂ ਯੂਨੀਵਰਸਿਟੀਆਂ ਨੇ ਇਸ ਕੰਮ ਵਿੱਚ ਪਹਿਲਤਾ ਦਿਖਾਈ ਹੈ।
ਸ. ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਦਾਰਿਆਂ ਨੂੰ ਇਸ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਜਿਸ ਵਿੱਚ ਆਰਥਿਕ ਅਤੇ ਪ੍ਰਬੰਧਕੀ ਸਮੱਸਿਆਵਾਂ ਸ਼ਾਮਲ ਹਨ। ਸਰਕਾਰੀ ਪੱਧਰ ’ਤੇ ਜਿੰਨੀ ਦੇਰ ਪੁਸਤਕਾਂ ਛਾਪਣ, ਡਿਜ਼ੀਟਾਈਜੇਸ਼ਨ ਕਰਨ ਆਦਿ ਦੀ ਪ੍ਰਕਿਰਿਆ ਸੌਖੀ ਨਹੀਂ ਹੋ ਜਾਂਦੀ, ਉਨੀ ਦੇਰ ਇਹ ਕਾਰਜ ਕਰਨੇ ਔਖੇ ਹਨ।
 ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉੱਘੇ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਦਲਦੀ ਤਕਨੀਕ ਦੇ ਦੌਰ ਵਿੱਚ ਨਵੀਂ ਸ਼ਬਦਾਵਲੀ ਘੜ੍ਹਨੀ ਬਹੁਤ ਜ਼ਰੂਰੀ ਹੈ। ਇਸ ਸਮੇਂ ਏ.ਆਈ. ਦਾ ਦੌਰ ਹੈ ਤੇ ਏ.ਆਈ. ਦੀ ਮਦਦ ਨਾਲ ਨਵੀਂ ਸ਼ਬਦਾਵਲੀ ਘੜ੍ਹੀ ਜਾ ਸਕਦੀ ਹੈ।
ਡਾ. ਸੀ.ਪੀ. ਕੰਬੋਜ਼ ਨੇ ਉਚੇਰੀ ਸਿੱਖਿਆ ਵਿੱਚ ਪੰਜਾਬੀ ਮਾਧਿਅਮ ਰਾਹੀਂ ਕੰਪਿਊਟਰ ਵਿਗਿਆਨ ਦੀ ਪੜ੍ਹਾਈ ’ਤੇ ਆਪਣਾ ਪੇਪਰ ਪੇਸ਼ ਕੀਤਾ। ਇਸ ਸੈਸ਼ਨ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਗੁਰਮੁਖ ਸਿੰਘ ਨੇ ਕੀਤਾ।
ਇਸ ਸਮੇਂ ਪ੍ਰੋਫ਼ੈਸਰ ਕਿਰਪਾਲ ਕਜ਼ਾਕ, ਡਾ. ਰਾਜਿੰਦਰ ਲਹਿਰੀ, ਡਾ. ਜਸਬੀਰ ਕੌਰ, ਡਾ. ਕਿਰਪਾਲ ਸਿੰਘ ਪੰਨੂ, ਡਾ. ਗੁਰਪ੍ਰੀਤ ਕੌਰ ਬਾਵਾ, ਡਾ. ਹਰਵਿੰਦਰ ਪਾਲ ਕੌਰ, ਡਾ. ਨਿਵੇਦਿਤਾ ਸਿੰਘ ਆਦਿ ਹਾਜ਼ਰ ਸਨ।
Scroll to Top