ਪੰਜਾਬੀ ਯੂਨੀਵਰਸਿਟੀ ਵਿਖੇ ਨਸ਼ਿਆਂ ਅਤੇ ਏਡਜ਼ ਦੀ ਰੋਕਥਾਮ ਬਾਰੇ ਵਿਸ਼ੇਸ਼ ਭਾਸ਼ਣ ਕਰਵਾਏ

ਪਟਿਆਲਾ, 18 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਨਸ਼ਿਆਂ ਅਤੇ ਏਡਜ਼ ਦੀ ਰੋਕਥਾਮ ਬਾਰੇ ਵਿਸ਼ੇਸ਼ ਭਾਸ਼ਣ ਕਰਵਾਏ ਗਏ। ਰੈੱਡ ਰਿਬਨ ਕਲੱਬ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ਼ ਕਰਵਾਏ ਇਸ ਪ੍ਰੋਗਰਾਮ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਆਈ.ਐੱਚ.ਬੀ.ਟੀ ਮੁਖੀ. ਡਾ. ਮੋਨਿਕਾ ਗਰਗ ਅਤੇ ਮਾਡਲ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਰੋਹਿਤ ਗਰਗ ਨੇ ਆਪਣੇ ਵਿਚਾਰ ਪ੍ਰਗਟਾਏ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ  ਕਿਹਾ ਕਿ ਨੌਜਵਾਨ ਪੀੜ੍ਹੀ ਕਿਸੇ ਵੀ ਕੌਮ ਜਾਂ ਦੇਸ ਦਾ ਸਰਮਾਇਆ ਹੁੰਦੇ ਹਨ, ਪਰ ਨਸ਼ਿਆਂ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਇਸ ਸਰਮਾਏ ਨੂੰ ਅੰਦਰੋਂ-ਅੰਦਰੀ ਖ਼ੋਖਲਾ ਕਰ ਰਹੀਆਂ ਹਨ। ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਕਾਫ਼ੀ ਨਹੀਂ, ਸਗੋਂ ਉਹਨਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨਾ ਵੀ ਯੂਨੀਵਰਸਿਟੀ ਦੀ ਅਹਿਮ ਜ਼ਿੰਮੇਵਾਰੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਨਾ ਸਿਰਫ਼ ਖੁਦ ਇਹਨਾਂ ਆਲ੍ਹਮਤਾਂ ਤੋਂ ਦੂਰ ਰਹਿਣ, ਸਗੋਂ ਸਮਾਜ ਵਿੱਚ ਇੱਕ ‘ਜਾਗਰੂਕ ਦੂਤ’ ਵਜੋਂ ਵਿਚਰਦਿਆਂ ਦੂਜਿਆਂ ਨੂੰ ਵੀ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ।
ਡਾ. ਮੋਨਿਕਾ ਗਰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਸ਼ਿਆਂ ਦੀ ਆਦਤ ਸਿਰਫ਼ ਵਿਅਕਤੀਗਤ ਸਮੱਸਿਆ ਨਹੀਂ, ਸਗੋਂ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਰੋਹਿਤ ਗਰਗ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਏਡਜ਼ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਹੀ ਜਾਣਕਾਰੀ, ਸਾਵਧਾਨੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਵਰਗ ਆਪਣੀ ਇੱਛਾ-ਸ਼ਕਤੀ ਮਜ਼ਬੂਤ ਰੱਖੇ, ਗ਼ਲਤ ਸੰਗਤ ਤੋਂ ਬਚੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣੇ।
ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਐਸੇ ਮਹੱਤਵਪੂਰਨ ਵਿਸ਼ੇ ‘ਤੇ ਚਰਚਾ ਕਰ ਰਹੇ ਹਾਂ, ਜੋ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਵਿਚ ਅਡੀਸ਼ਨਲ ਡਾਇਰੈਕਟਰ ਸ਼੍ਰੀ ਮਲਕੀਤ ਮਾਨ, ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਸੁਨੀਤਾ, ਡਾ. ਅਭਿਨਵ ਭੰਡਾਰੀ, ਡਾ. ਨਮਰਤਾ ਵਡੇਰਾ ਅਤੇ ਡਾ. ਚਰਨਜੀਵ ਸਰੋਆ ਸਮੇਤ ਲਗਭਗ 150 ਵਲੰਟੀਅਰਾਂ ਨੇ ਭਾਗ ਲਿਆ।
Scroll to Top