ਪਟਿਆਲਾ, 17 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵੱਲੋਂ ਕਰਵਾਇਆ ਗਿਆ ਇੰਟਰ-ਹੋਸਟਲ ਕ੍ਰਿਕਟ ਅਤੇ ਬੈਡਮਿੰਟਨ(ਡਬਲ) ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਕ੍ਰਿਕਟ ਵਿੱਚ ਹੋਮੀ ਭਾਭਾ ਹੋਸਟਲ ਦੀ ਟੀਮ ਨੇ ਬਾਜ਼ੀ ਮਾਰੀ ਜਦੋਂ ਕਿ ਬੈਡਮਿੰਟਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੀ ਟੀਮ ਜੇਤੂ ਰਹੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਤਗ਼ਮਿਆਂ ਨਾਲ਼ ਸਨਮਾਨਿਤ ਕੀਤਾ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਇਹ ਨਾ ਸਿਰਫ਼ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਸਗੋਂ ਮਾਨਸਿਕ ਤਣਾਅ ਨੂੰ ਦੂਰ ਕਰ ਕੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਸਿਹਤਮੰਦ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਰ ਅਤੇ ਜਿੱਤ ਨਾਲ਼ੋਂ ਵੀ ਜ਼ਰੂਰੀ ਖੇਡ ਭਾਵਨਾ ਨਾਲ ਮੈਦਾਨ ਵਿੱਚ ਉਤਰਨਾ ਹੈ।
ਜ਼ਿਕਰਯੋਗ ਹੈ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਹੋਸਟਲਾਂ ਦੀਆਂ ਅੱਠ ਕ੍ਰਿਕਟ ਟੀਮਾਂ ਅਤੇ 16 ਬੈਡਮਿੰਟਨ ਟੀਮਾਂ ਨੇ ਹਿੱਸਾ ਲਿਆ। ਕ੍ਰਿਕਟ ਦੇ ਸੈਮੀ ਫਾਈਨਲ ਵਿੱਚ ਚਾਰ ਟੀਮਾਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਸ਼ਹੀਦ ਭਗਤ ਸਿੰਘ ਹੋਸਟਲ ਦੀ ਟੀਮ ਅਤੇ ਹੋਮੀ ਭਾਭਾ ਹੋਸਟਲ ਦੀ ਟੀਮ ਫ਼ਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ। ਫਾਈਨਲ ਮੈਚ ਦੌਰਾਨ ਸ਼ਹੀਦ ਭਗਤ ਸਿੰਘ ਹੋਸਟਲ ਵੱਲੋਂ 120 ਦੌੜਾਂ ਬਣਾਈਆਂ ਗਈਆਂ ਅਤੇ ਹੋਮੀ ਭਾਭਾ ਹੋਸਟਲ ਦੀ ਟੀਮ ਨੂੰ ਆਖਰੀ ਓਵਰ ਵਿੱਚ ਜਿੱਤ ਲਈ 28 ਦੌੜਾਂ ਦੀ ਜ਼ਰੂਰਤ ਸੀ। ਹੋਮੀ ਭਾਭਾ ਹੋਸਟਲ ਦੀ ਟੀਮ ਨੇ ਆਖਰੀ ਓਵਰ ਵਿੱਚ 30 ਦੌੜਾਂ ਬਣਾ ਕੇ 6 ਵਿਕਟਾਂ ਨਾਲ ਜਿੱਤ ਆਪਣੇ ਨਾਮ ਕੀਤੀ।
ਬੈਡਮਿੰਟਨ ਫਾਈਨਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੀਆਂ ਹੀ ਦੋ ਵੱਖ-ਵੱਖ ਟੀਮਾਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਸ਼ਾਨਦਾਰ ਮੁਕਾਬਲੇ ਤੋਂ ਬਾਅਦ ਇੱਕ ਟੀਮ ਜੇਤੂ ਰਹੀ।
ਇਨਾਮ ਵੰਡ ਸਮਾਗਮ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ , ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ, ਵਾਰਡਨ ਡਾ. ਰਜੀਵ ਮੱਲ, ਵਾਰਡਨ ਡਾ. ਲਾਲ ਚੰਦ, ਵਾਰਡਨ ਇੰਜ. ਬਿਕਰਮਜੀਤ ਸਿੰਘ, ਵਾਰਡਨ ਇੰਜ. ਹਰਜਿੰਦਰ ਸਿੰਘ ਅਤੇ ਸੀਨੀਅਰ ਵਾਰਡਨ ਇੰਜ. ਸਿਮਰਨਜੀਤ ਸਿੰਘ ਵੀ ਮੌਜੂਦ ਰਹੇ।