ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਕਰਵਾਇਆ ਡਾ. ਨਾਹਰ ਸਿੰਘ ਦਾ ਭਾਸ਼ਣ
ਪਟਿਆਲਾ, 31 ਜੁਲਾਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਉੱਘੇ ਲੋਕਧਾਰਾ ਸ਼ਾਸਤਰੀ ਡਾ. ਨਾਹਰ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦਾ ਵਿਸ਼ਾ ‘ਪੰਜਾਬੀ ਲੋਕਧਾਰਾ ਦਾ ਪ੍ਰਵਚਨ ਦੀ ਸਿਰਜਣਾ ਅਤੇ ਮੇਰਾ ਖੋਜ ਕਾਰਜ’ ਸੀ। ਜ਼ਿਕਰਯੋਗ ਹੈ ਕਿ ਡਾ. ਨਾਹਰ ਸਿੰਘ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਦੇ ਉੱਘੇ ਅਧਿਐਨ ਕਰਤਾ ਹਨ ਜਿਨਾਂ ਨੇ ਪਿਛਲੇ 50 ਵਰ੍ਹਿਆਂ ਤੋਂ ਇਸ ਖੇਤਰ ਵਿੱਚ ਵਡਮੁੱਲਾ ਖੋਜ ਕਾਰਜ ਕੀਤਾ ਹੈ। ਉਹਨਾਂ ਦੇ ਖੋਜ ਕਾਰਜ ਦੀਆਂ 12 ਜਿਲਦਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਹੈ । ਡਾ. ਨਾਹਰ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਲੋਕਧਾਰਾ ਕੇਵਲ ਲੋਕਾਂ ਦੇ ਮਨ ਦਾ ਬਾਹਰਮੁਖੀ ਪ੍ਰਗਟਾਵਾ ਨਹੀਂ ਹੁੰਦੀ ਸਗੋਂ ਲੋਕਧਾਰਾ ਨੂੰ ਇਤਿਹਾਸਿਕ ਦਸਤਾਵੇਜ ਵਜੋਂ ਵੇਖਣਾ ਸਮਝਣਾ ਤੇ ਵਿਚਾਰਨਾ ਚਾਹੀਦਾ ਹੈ। ਇਹ ਕੇਵਲ ਸ਼ਾਬਦਿਕ ਪ੍ਰਗਟਾਵਾ ਨਾ ਹੋ ਕੇ ਚਿੰਨ੍ਹਾਤਮਕ ਪ੍ਰਗਟਾਵਾ ਹੁੰਦੀ ਹੈ ਜਿਸ ਵਿੱਚ ਲੋਕਾਂ ਦੇ ਵਲਵਲਿਆਂ, ਭਾਵਨਾਵਾਂ ਤੇ ਵਿਚਾਰਾਂ ਦੇ ਨਾਲ ਨਾਲ ਉਹਨਾਂ ਦਾ ਲੋਕ ਦਰਸ਼ਨ ਵੀ ਸ਼ਾਮਿਲ ਹੁੰਦਾ ਹੈ। ਲੋਕਾਂ ਦੇ ਪ੍ਰਗਟਾਵੇ ਵਿਸ਼ੇਸ਼ ਇਤਿਹਾਸਿਕ ਪ੍ਰਸਥਿਤੀਆਂ ਤੇ ਸਮਿਆਂ ਦੀ ਦੇਣ ਹੁੰਦੇ ਹਨ ਜਿਨ੍ਹਾਂ ਦੇ ਪ੍ਰਸੰਗ ਤੋਂ ਮੁਕਤ ਕਰਕੇ ਕੋਈ ਅਰਥ ਨਹੀਂ ਰਹਿੰਦੇ। ਉਹਨਾਂ ਨੇ ਅੱਗੇ ਕਿਹਾ ਕਿ ਵਰਤਮਾਨ ਸਮੇਂ ਲੋਕਧਾਰਾ ਅਤੇ ਮੰਡੀ ਦੇ ਸਬੰਧਾਂ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਲੋਕਧਾਰਾ ਮੰਡੀ ਦੀ ਵਸਤ ਨਾ ਹੋ ਕੇ ਲੋਕਾਂ ਦੇ ਭਾਵ ਸੰਸਾਰ ਦੀ ਸਿਰਜਣਾਤਮਕ ਕਿਰਤ ਹੁੰਦੀ ਹੈ । ਡਾ. ਗੁਰਸੇਵਕ ਲੰਬੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਡਾ. ਨਾਹਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਇੱਕ ਹੀ ਹਨ। ਪੰਜਾਬੀ ਯੂਨੀਵਰਸਿਟੀ ਦਾ ਇਹ ਸੁਭਾਗ ਹੈ ਕਿ ਉਹਨਾਂ ਦਾ ਕਾਰਜ ਇਸ ਯੂਨੀਵਰਸਿਟੀ ਦੇ ਹਿੱਸੇ ਆਇਆ ਹੈ । ਡਾ. ਗੁਰਮੁਖ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਆਪਣੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਡਾ. ਨਾਹਰ ਸਿੰਘ ਅਜਿਹੇ ਖੋਜ ਕਰਤਾ ਹਨ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ । ਪ੍ਰੋ. ਸੁਰਜੀਤ ਸਿੰਘ ਨੇ ਡਾ. ਨਾਹਰ ਸਿੰਘ ਦੇ ਖੋਜ ਕਾਰਜ ਬਾਰੇ ਜਾਣ-ਪਛਾਣ ਕਰਵਾਈ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਗੁਰਜੰਟ ਸਿੰਘ ਡਾ. ਰਾਜਮਹਿੰਦਰ ਕੌਰ ਅਤੇ ਡਾ. ਰਾਜਵੰਤ ਕੌਰ ਪੰਜਾਬੀ ਹਾਜ਼ਰ ਸਨ।