ਨਵੀਂ ਦਿੱਲੀ, 25 ਫਰਵਰੀ : ਇਕ ਪਾਸੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜਰਾਇਲ ਦੇ ਦੋ ਦਿਨਾਂ ਦੇ ਦੌਰੇ ਤੇ ਉਥੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ, ਉਥੇ ਦੂਸਰੇ ਪਾਸੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਆਪਣੇ ਇਜ਼ਰਾਈਲ ਦੌਰੇ ਦੌਰਾਨ ਉੱਥੋਂ ਦੀ ਸੰਸਦ ਕੇਨੈਸਟ ਨੂੰ ਸੰਬੋਧਨ ਕਰਦੇ ਸਮੇਂ ਗਾਜ਼ਾ ਵਿੱਚ ਚੱਲ ਰਹੀ ਹਿੰਸਾ ਅਤੇ ਨਸਲਕੁਸੀ ਦਾ ਮੁੱਦਾ ਚੁਕਣ। ਉਨ੍ਹਾਂ ਕਿਹਾ ਕਿ ਭਾਰਤ ਨੂੰ ਉੱਥੋਂ ਦੇ ਪੀੜਤ ਲੋਕਾਂ ਲਈ ਇਨਸਾਫ਼ ਦੀ ਗੱਲ ਮਜ਼ਬੂਤੀ ਨਾਲ ਰੱਖਣੀ ਚਾਹੀਦੀ ਹੈ।
ਪ੍ਰਿਯੰਕਾ ਵਾਡਰਾ ਨੇ ਆਪਣੀ ਸਾਂਝੀ ਕੀਤੀ ਪੋਸਟ ਵਿਚ ਦਸਿਆ ਕਿ ਗਾਜ਼ਾ ਵਿੱਚ ਆਮ ਨਾਗਰਿਕਾਂ ਉੱਤੇ ਹਮਲੇ ਜਾਰੀ ਹਨ, ਉਸ ਵੇਲੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਉਜਾਗਰ ਕਰਦੀ ਹੈ। ਪ੍ਰਧਾਨ ਮੰਤਰੀ ਦੇ ਦੋ ਦਿਨਾਂ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪ੍ਰਤੀਕਿਰਿਆ ਦਿੰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਰਤ ਦੀ ਪਰੰਪਰਾ ਸਦਾ ਸੱਚਾਈ, ਸ਼ਾਂਤੀ ਅਤੇ ਨਿਆਂ ਦੇ ਪੱਖ ਵਿੱਚ ਖੜ੍ਹਨ ਦੀ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦੇਸ਼ ਨੂੰ ਵਿਸ਼ਵ ਮੰਚ ’ਤੇ ਵੀ ਇਹੀ ਮੁੱਲ ਦਰਸਾਉਂਦੇ ਰਹਿਣਾ ਚਾਹੀਦਾ ਹੈ।
ਇਸ ਮਾਮਲੇ ’ਤੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਨੀਤੀ ’ਤੇ ਵੀ ਸਵਾਲ ਉਠਾਏ ਹਨ। ਪਾਰਟੀ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਫਲਸਤੀਨੀ ਮਸਲੇ ’ਤੇ ਆਪਣਾ ਪੁਰਾਣਾ ਸਟੈਂਡ ਛੱਡ ਰਹੀ ਹੈ।