ਪਟਿਆਲਾ ਵਿੱਚ ਕਬਜ਼ਾ ਮੁਕਤ ਮੁਹਿੰਮ ਹੋਈ ਤੇਜ਼, ਕਈ ਇਲਾਕਿਆਂ ਵਿੱਚ ਨਿਗਮ ਦੀ ਕਾਰਵਾਈ

ਪਟਿਆਲਾ, 12 ਨਵੰਬਰ  — ਸ਼ਹਿਰ ਨੂੰ ਕਬਜ਼ਾ ਮੁਕਤ ਅਤੇ ਸਾਫ ਸੁਥਰਾ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਲੈਂਡ ਸ਼ਾਖਾ ਦੀ ਟੀਮ ਵਲੋਂ ਲਗਾਤਾਰ ਕਾਰਵਾਈ ਜਾਰੀ ਹੈ। ਇਸ ਮੁਹਿੰਮ ਅਧੀਨ ਅੱਜ ਇੰਸਪੈਕਟਰ ਵਿਸ਼ਾਲ ਵਰਮਾ ਦੀ ਅਗਵਾਈ ਹੇਠ ਨਿਗਮ ਟੀਮ ਨੇ ਰੇਲਵੇ ਸਟੇਸ਼ਨ ਦੇ ਸਾਹਮਣੇ ਪੁੱਲ ਦੇ ਹੇਠਾਂ, ਗੁਰਬਖਸ਼ ਕਲੋਨੀ, ਰਾਜਪੁਰਾ ਕਲੋਨੀ, ਪੁਰਾਣੇ ਬਸ ਅੱਡੇ ਨਾਲ ਲੱਗਦੇ ਇਲਾਕੇ, ਤ੍ਰਿਪੜੀ ਬਾਜ਼ਾਰ, ਧਰਮਪੁਰਾ ਬਾਜ਼ਾਰ ਅਤੇ ਓਲਡ ਲਾਲ ਬਾਗ ਇਲਾਕੇ ਵਿੱਚ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ।

ਇੰਸਪੈਕਟਰ ਵਿਸ਼ਾਲ ਵਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਨਿਗਮ ਟੀਮ ਨੇ ਸੜਕਾਂ ਅਤੇ ਫੁਟਪਾਥਾਂ ’ਤੇ ਰੱਖਿਆ ਸਮਾਨ ਜਬਤ ਕੀਤਾ ਅਤੇ ਕਈ ਦੁਕਾਨਦਾਰਾ ਨੂੰ ਮੌਕੇ ’ਤੇ ਹੀ ਚੇਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਸੜਕਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟੀਮ ਨੇ ਇਹ ਵੀ ਸਪਸ਼ਟ ਕੀਤਾ ਕਿ ਸੜਕਾਂ ਅਤੇ ਫੁਟਪਾਥ ਆਮ ਜਨਤਾ ਦੀ ਆਵਾਜਾਈ ਲਈ ਹਨ, ਨਾ ਕਿ ਵਪਾਰਕ ਉਦੇਸ਼ਾਂ ਲਈ।

ਵਿਸ਼ਾਲ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧ ਅਤੇ ਸਫਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਕਬਜ਼ਿਆਂ ਦਾ ਹਟਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਨਿਯਮਾਂ ਦੀ ਪਾਲਣਾ ਕਰਨਗੇ, ਤਾਂ ਪਟਿਆਲਾ ਸ਼ਹਿਰ ਹੋਰ ਵੀ ਸੁੰਦਰ ਅਤੇ ਸਾਫ਼-ਸੁਥਰਾ ਬਣੇਗਾ।

ਉਨ੍ਹਾਂ ਨਗਰ ਨਿਗਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਦੇਣ ਤੇ ਸੜਕਾਂ ਜਾਂ ਜਨਤਕ ਥਾਵਾਂ ’ਤੇ ਕੋਈ ਵੀ ਸਮਾਨ ਨਾ ਰੱਖਣ। ਸ਼ਹਿਰ ਵਾਸੀਆਂ ਵੱਲੋਂ ਨਿਗਮ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਪਟਿਆਲਾ ਵਿੱਚ ਆਵਾਜਾਈ ਸੁਵਿਧਾ ਅਤੇ ਸਫ਼ਾਈ ਪ੍ਰਣਾਲੀ ਵਿੱਚ ਵੱਡਾ ਸੁਧਾਰ ਆਵੇਗਾ।

Scroll to Top