ਨਾਭਾ /ਪਟਿਆਲਾ, 17 ਫ਼ਰਵਰੀ : ਸੀ.ਐਮ. ਦੀ ਯੋਗਸ਼ਾਲਾ ਅਧੀਨ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਵਿੱਚ ਚੱਲ ਰਹੀਆਂ ਯੋਗ ਕਲਾਸਾਂ ਨੂੰ ਸ਼ਹਿਰੀ ਅਤੇ ਪਿੰਡਾਂ ਦੋਹਾਂ ਖੇਤਰਾਂ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਯੋਗਾ ਇੰਸ੍ਰਕਟਰ ਰਜਿੰਦਰ ਸਿੰਘ ਨੇ ਦਸਿਆ ਕਿ ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਕਲਾਸਾਂ ਨਾਲ ਜੁੜ ਕੇ ਆਪਣੀ ਸਿਹਤ ਨੂੰ ਬਿਹਤਰ ਬਣਾ ਰਹੇ ਹਨ।
ਓਹਨਾ ਕਿਹਾ ਕਿ ਨਾਭਾ ਬਲਾਕ ਵਿੱਚ ਇਸ ਸਮੇਂ 4 ਯੋਗ ਟਰੇਨਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ 22 ਡਿਪਲੋਮਾ ਵਿਦਿਆਰਥੀ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਯੋਗ ਕਲਾਸਾਂ ਲਗਾ ਰਹੇ ਹਨ। ਇਹ ਟੀਮ ਲੋਕਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਗੋਡਿਆਂ ਦਾ ਦਰਦ, ਸਰਵਾਈਕਲ ਅਤੇ ਮੋਟਾਪਾ ਆਦਿ ਨੂੰ ਯੋਗ ਅਭਿਆਸ ਰਾਹੀਂ ਦੂਰ ਕਰਨ ਵਿੱਚ ਸਹਾਇਕ ਸਾਬਤ ਹੋ ਰਹੀ ਹੈ।
ਸਥਾਨਕ ਵਸਨੀਕਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ ਅਤੇ ਵਿਗਿਆਨਕ ਢੰਗ ਨਾਲ ਯੋਗ ਸਿੱਖਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਆ ਰਿਹਾ ਹੈ। ਸੀ.ਐਮ. ਦੀ ਯੋਗਸ਼ਾਲਾ ਪੰਜਾਬ ਸਰਕਾਰ ਦਾ ਇੱਕ ਸਫਲ ਲੋਕ-ਹਿਤੈਸ਼ੀ ਪ੍ਰਯਾਸ ਬਣਦਾ ਜਾ ਰਿਹਾ ਹੈ, ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਨਿਰਮਾਣ ਵੱਲ ਵੱਡਾ ਕਦਮ ਹੈ।
ਓਹਨਾ ਜਨਤਾ ਲਈ ਅਪੀਲ ਕੀਤੀ ਕਿ ਜੇ ਤੁਸੀਂ ਵੀ ਨਾਭਾ ਬਲਾਕ ਦੇ ਵਾਸੀ ਹੋ ਅਤੇ ਯੋਗ ਕਲਾਸ ਵਿੱਚ ਭਾਗ ਲੈਣਾ ਚਾਹੁੰਦੇ ਹੋ ਜਾਂ ਆਪਣੇ ਮੁਹੱਲੇ/ਪਿੰਡ ਵਿੱਚ ਯੋਗ ਕਲਾਸ ਸ਼ੁਰੂ ਕਰਵਾਉਣ ਦੀ ਇੱਛਾ ਰੱਖਦੇ ਹੋ, ਤਾਂ ਘੱਟੋ-ਘੱਟ 25 ਮੈਂਬਰ ਇਕੱਠੇ ਕਰਕੇ ਸੰਪਰਕ ਨੰਬਰ 7888840090 ਤੇ ਤਾਲਮੇਲ ਕੀਤਾ ਜਾਵੇ।