ਪਟਿਆਲਾ, 14 ਦਸੰਬਰ 2025 : ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਆਪਣੇ ਸਿਲਵਰ ਜੁਬਲੀ ਸਮਾਰੋਹ ਦੇ ਮੌਕੇ ‘ਤੇ ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਵੱਲੋਂ ਕੀਤੀ ਗਈ। ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ, ਪੰਜਾਬ ਦੇ ਜਨਰਨ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਇਸ ਮੋਕੇ ਅਸ਼ੋਕ ਕੁਮਾਰ ਸਿਰਸਵਾਲ ਚੇਅਰਮੈਨ ਮਾਰਕਿਟ ਕਮੇਟੀ, ਪਟਿਆਲਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਸੁਸਾਇਟੀ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਹਰ ਮਹੀਨੇ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ ਤਾਂ ਜੋ ਪਟਿਆਲਾ ਦੀ ਤਰੱਕੀ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਸੁਸਾਇਟੀ ਦਾ ਉਦੇਸ਼ ਸਕੂਲਾਂ, ਕਾਲਜਾਂ ਵਿੱਚ ਪੜ ਰਹੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ, ਸਟੇਸ਼ਨਰੀ ਦੀ ਸਹੂਲਤ ਤੇ ਹੋਰ ਕਈ ਮਿਸਾਲੀ ਕਾਰਜ ਸ਼ਾਮਲ ਹਨ। ਇਸ ਤੋਂ ਇਲਾਵਾ ਜੱਗੀ ਟੀਵੀ ਤੋਂ ਗੋਪਾਲ ਸ਼ਰਮਾ ਅਤੇ ਉਹਨਾਂ ਦੀ ਟੀਮ ਦੇ ਥੀਏਟਰ ਆਰਟਿਸਟਾਂ ਵੱਲੋਂ ਸਮਾਜ ਦੀ ਭਲਾਈ ਅਤੇ ਜਾਗਰੂਕਤਾ ਲਈ ਪ੍ਰੇਰਨਾਦਾਇਕ ਕਾਰਜ ਕੀਤਾ ਜਾ ਰਹੇ ਹਨ।
ਸੁਸਾਇਟੀ ਵੱਲੋਂ ਪਲਾਸਟਿਕ ਦੇ ਥੈਲੇ ਦੀ ਵਰਤੋਂ ਬੰਦ ਕਰਨ ਅਤੇ ਜੂਟ ਜਾਂ ਕੱਪੜੇ ਦੇ ਥੈਲੇ ਵਰਤਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਬਲੱਡ ਡੋਨੇਸ਼ਨ ਕੈਂਪ, ਮੈਡੀਕਲ ਕੈਂਪ ਅਤੇ ਪੋਲਿਓ ਟੀਕਾਕਰਣ ਦੇ ਕੈਂਪ ਵੀ ਲਗਾਏ ਜਾਣਗੇ। ਇਸ ਦੌਰਾਨ ਸੁਸਾਇਟੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਵੀ ਸਵਾਗਤ ਵੀ ਕੀਤਾ ਗਿਆ।
ਸ. ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਇਹ ਸਿਲਵਰ ਜੁਬਲੀ ਸਮਾਰੋਹ ਸਮਾਜਿਕ ਏਕਤਾ ਅਤੇ ਤਰੱਕੀ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਸੀਂ ਪਟਿਆਲਾ ਦੀ ਵਿਕਾਸ ਯੋਜਨਾ ਨੂੰ ਇੱਕ ਨਵੀਂ ਦਿਸ਼ਾ ਦੇਈਏ, ਤਾਂ ਜੋ ਪਟਿਆਲਾ ਪੰਜਾਬ ਵਿੱਚ ਇੱਕ ਮਿਸਾਲ ਬਣੇ। ਪਟਿਆਲਾ ਦੇ ਲੋਕਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਵੱਲ ਵੱਧ ਧਿਆਨ ਦੇਣ ਦੀ ਅਪੀਲ ਕੀਤੀ।
ਸਮਾਰੋਹ ਦੀ ਵਿਸ਼ੇਸ਼ ਆਕਰਸ਼ਣ ਬਣੀ ਇੱਕ ਨੇਤਰਹੀਣ ਕੁੜੀ ਵੱਲੋਂ ਗਜ਼ਲ ਦੀ ਸੁਰੀਲੀ ਪੇਸ਼ਕਸ਼, ਜਿਸਦੀ ਮਿੱਠੀ ਆਵਾਜ਼ ਅਤੇ ਕਲਾ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਸ. ਬਰਸਟ ਨੇ ਉਸਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰੀਰਕ ਤੌਰ ‘ਤੇ ਕੋਈ ਵੀ ਹੈਂਡੀਕੈਪ ਨਹੀਂ ਹੁੰਦਾ — ਪਰਮਾਤਮਾ ਨੇ ਐਸੇ ਵਿਅਕਤੀਆਂ ਨੂੰ ਵਿਸ਼ੇਸ਼ ਗੁਣਾਂ ਨਾਲ ਨਵਾਜਿਆ ਹੁੰਦਾ ਹੈ। ਉਹ ਕੁੜੀ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ, ਜਿਸ ਨੇ ਸਾਬਤ ਕੀਤਾ ਕਿ ਦ੍ਰਿੜ਼ ਇੱਛਾ-ਸ਼ਕਤੀ, ਸੁਰ ਸਾਧਨਾ ਅਤੇ ਆਤਮ ਵਿਸ਼ਵਾਸ ਨਾਲ ਹਰ ਸੁਪਨਾ ਸਾਕਾਰ ਹੋ ਸਕਦਾ ਹੈ।
ਉਨ੍ਹਾਂ ਖਾਸ ਤੌਰ ‘ਤੇ ਅੱਜ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕਿਤਾਬੀ ਗਿਆਨ ਤੇ ਸਮਾਜਕ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਸਿਰਫ਼ ਮੌਜ-ਮਸਤੀ ਲਈ ਨਹੀਂ, ਸਗੋਂ ਸਮਾਜ ਹਿੱਤ ਦੇ ਉਦੇਸ਼ਾਂ ਲਈ ਵੀ ਹੋਣੀ ਚਾਹੀਦੀ ਹੈ। ਸ. ਬਰਸਟ ਨੇ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਜੇ ਹਰ ਵਿਅਕਤੀ ਆਪਣੇ ਪੱਧਰ ‘ਤੇ ਸਮਾਜ ਲਈ ਛੋਟੀ ਜਿਹੀ ਸੇਵਾ ਕਰੇ, ਜਿਸ ਨਾਲ ਪਟਿਆਲਾ ਦੀ ਸੋਭਾ ਅਤੇ ਮਹੱਤਤਾ ਹੋਰ ਵਧੇਗੀ। ਸਮਾਗਮ ਤੇ ਅਖੀਰ ਵਿੱਚ ਸਤਿਕਾਰਯੋਗ ਸਖਸ਼ੀਅਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੁਸਾਇਟੀ ਵੱਲੋਂ ਸ.ਬਰਸਟ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੋਕੇ ਵਿਜੇ ਗੋਇਲ ਪ੍ਰਧਾਨ, ਪੁਰਸ਼ੋਤਮ ਗੋਇਲ ਜਨਰਲ ਸਕੱਤਰ, ਅਸ਼ੋਕ ਕੁਮਾਰ ਸਿਰਸਵਾਲ ਚੇਅਰਮੈਨ ਮਾਰਕਿਟ ਕਮੇਟੀ ਪਟਿਆਲਾ, ਐਸ.ਐਮ.ਓ. ਵਿਕਾਸ ਗੋਇਲ, ਕ੍ਰਿਸ਼ਨ ਕੁਮਾਰ, ਮੁਰਾਰੀ ਸ਼ਰਮਾ, ਨਰੇਸ਼ ਮਿੱਤਲ, ਡਾ. ਮੰਜੂ ਮਿੱਡਾ, ਬਲਜਿੰਦਰ ਠਾਕੁਰ, ਸਾਗਰ ਸੂਦ, ਜੀ.ਐਸ.ਉਬਰਾਏ, ਗੁਰਭਖਸ਼ ਸਿੰਘ ਉਬਰਾਏ, ਅਨਿਲ ਗਰਗ, ਰਸਲ ਕਪੂਰ, ਜੱਗੀ ਟੀਵੀ ਤੋਂ ਸੈਂਟੀ ਕਲਾਕਾਰ, ਜਗਸੀਰ ਸਿੰਘ ਉੱਘੇ ਕਲਾਕਾਰ, ਗੋਪਾਲ ਸ਼ਰਮਾ, ਹਰਜੀਤ ਗੁੱਡੂ ਮਿਊਸਿਕ ਡਾਇਰੈਕਟਰ ਤੇ ਉਹਨਾ ਦੀ ਟੀਮ ਤੇ ਹੋਰ ਕਈ ਸਤਿਕਾਰ ਯੋਗ ਸਖਸੀਅਤਾ ਹਾਜ਼ਰ ਰਹੀਆਂ।