ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਸਾਨ ਸੁਵਿਧਾ ਦੀ ਸ਼ੁਰੂਆਤ

ਪਟਿਆਲਾ, 13 ਨਵੰਬਰ  — ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਬਿਲਾਂ ਦੀ ਅਦਾਇਗੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਬਣਾਉਂਦੇ ਹੋਏ ਪੰਜਾਬ ਸਰਕਾਰ ਦੇ ਪੀ.ਐਮ.ਆਈ.ਡੀ.ਸੀ. (ਪੰਜਾਬ ਮਿਉਂਸੀਪਲ ਇੰਫ੍ਰਾਸਟਕਚਰ ਡਿਵਲਪਮੈਂਟ ਕੰਪਨੀ) ਦੇ ਐਮ.ਸੇਵਾ ਪੋਰਟਲ ’ਤੇ ਮਾਈਗਰੇਟ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਨੇ ਜਨਤਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਸਾਰੇ ਪਾਣੀ ਅਤੇ ਸੀਵਰੇਜ ਕੁਨੈਕਸ਼ਨਾਂ ਦੀ ਬਿਲਿੰਗ ਸਿਰਫ਼ ਇਸ ਨਵੇਂ ਡਿਜ਼ਿਟਲ ਪੋਰਟਲ ਰਾਹੀਂ ਹੀ ਕੀਤੀ ਜਾਵੇਗੀ।

ਕਮਿਸ਼ਨਰ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਪ੍ਰਣਾਲੀ ਹੋਰ ਪਾਰਦਰਸ਼ੀ, ਆਧੁਨਿਕ ਅਤੇ ਸੁਵਿਧਾਜਨਕ ਬਣੇਗੀ। ਜਨਤਾ ਨੂੰ ਹੁਣ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ ਵਿੱਚ ਬਿਲ ਭਰਨ ਦੀ ਲੋੜ ਨਹੀਂ ਰਹੇਗੀ, ਕਿਉਂਕਿ ਉਕਤ ਬੈਂਕਾਂ ਵਿੱਚ ਹੁਣ ਪਾਣੀ ਅਤੇ ਸੀਵਰੇਜ ਦੇ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਨਵੀਂ ਪ੍ਰਣਾਲੀ ਦੇ ਅਧੀਨ ਸਾਰੇ ਬਿਲ ਐਮ.ਸੇਵਾ ਪੋਰਟਲ ‘ਤੇ https://mseva.lgpunjab.gov.in/citizen
ਵੈਬਸਾਈਟ ਰਾਹੀਂ ਭਰੇ ਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਕਦਮ ਡਿਜ਼ਿਟਲ ਪੰਜਾਬ ਦੀ ਦਿਸ਼ਾ ਵੱਲ ਇਕ ਮਹੱਤਵਪੂਰਨ ਯਤਨ ਹੈ, ਜਿਸ ਨਾਲ ਨਿਵਾਸੀਆਂ ਨੂੰ ਘਰ ਬੈਠੇ ਹੀ ਬਿਲ ਭਰਨ ਦੀ ਆਸਾਨ ਸੁਵਿਧਾ ਮਿਲੇਗੀ। ਇਸ ਨਾਲ ਸਮਾਂ ਬਚੇਗਾ ਅਤੇ ਨਿਗਮ ਦੀਆਂ ਸੇਵਾਵਾਂ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਣਗੀਆਂ।

ਇਸਦੇ ਨਾਲ ਹੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਆਨਲਾਈਨ ਬਿਲਿੰਗ ਪ੍ਰਣਾਲੀ ਦੀ ਜਾਣਕਾਰੀ ਨਹੀਂ ਹੈ ਜਾਂ ਜਿਨ੍ਹਾਂ ਕੋਲ ਇੰਟਰਨੈਟ ਸੁਵਿਧਾ ਉਪਲਬਧ ਨਹੀਂ, ਉਹ ਨਗਰ ਨਿਗਮ ਦਫ਼ਤਰ ਵਿੱਚ ਸਥਾਪਿਤ ਕੈਸ਼ ਕਾਉਂਟਰਾਂ ਪਾਣੀ ਅਤੇ ਸੀਵਰੇਜ ਸ਼ਾਖਾ (ਕਮਰਾ ਨੰਬਰ 301, ਤੀਸਰੀ ਮੰਜ਼ਿਲ) ਅਤੇ ਗਰਾਊਂਡ ਫਲੋਰ ਵਿਖੇ ਆ ਕੇ ਬਿਲ ਭਰ ਸਕਦੇ ਹਨ।

ਕਮਿਸ਼ਨਰ ਪਰਮਜੀਤ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਤਿਆਰ ਕੀਤੀ ਇਸ ਆਨਲਾਈਨ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਕਿਸੇ ਵੀ ਸ਼ੰਕਾ ਜਾਂ ਸਮੱਸਿਆ ਦੇ ਮਾਮਲੇ ਵਿੱਚ ਨਿਗਮ ਦੇ ਹੈਲਪ ਡੈਸਕ ਨਾਲ ਸੰਪਰਕ ਕਰਨ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਡਿਜ਼ਿਟਲ ਸੇਵਾਵਾਂ ਨਾਲ ਜੋੜਨ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸੇਵਾਵਾਂ ਨੂੰ ਵੀ ਆਨਲਾਈਨ ਕੀਤਾ ਜਾਵੇਗਾ।

Scroll to Top