ਅੰਮ੍ਰਿਤਸਰ, 4 ਦਸੰਬਰ : ਗੁਰੂ ਹਰਸਹਾਏ ਵਿੱਚ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਦੋਂ ਇੱਕ ਨਸ਼ੇ ਦੇ ਆਦੀ ਪੁੱਤਰ ਨੇ ਆਪਣੇ ਨਸੇ ਦੀ ਲਤ ਨੂੰ ਪੂਰਾ ਕਰਨ ਲਈ ਮਾਂ ਵਲੋ ਪੈਸੇ ਨਾ ਦਿਤੇ ਜਾਣ ਕਾਰਨ ਉਸਦਾ ਕਤਲ ਕਰ ਦਿਤਾ, ਜਿਸ ਕਾਰਨ ਇਲਾਕੇ ਅੰਦਰ ਕਾਫੀ ਸਹਿਮ ਦਾ ਮਾਹੌਲ ਬਣਿਆ ਪਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਪੂਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਮਾਂ ‘ਤੇ ਹਮਲੇ ਕਰ ਚੁੱਕਾ ਸੀ। ਅੱਜ ਗੁੱਸੇ ਵਿੱਚ ਉਸਨੇ ਲੋਹੇ ਦੇ ਤ੍ਰਿਸ਼ੂਲ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਤੁਰੰਤ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ।
ਉਨਾ ਦਸਿਆ ਕਿ ਮੋਹਨ ਕੇ ਉਤਾੜ ਪਿੰਡ ਦਾ ਰਹਿਣ ਵਾਲਾ ਨਾਨਕ ਸਿੰਘ (30) ਕਾਫ਼ੀ ਸਮੇਂ ਤੋਂ ਨਸ਼ੇ ਦੀ ਲਤ ਨਾਲ ਪੀੜਤ ਸੀ। ਨਸ਼ਿਆਂ ਕਾਰਨ ਉਸਦੀ ਪਤਨੀ ਵੀ ਉਸਨੂੰ ਛੱਡ ਕੇ ਚਲੀ ਗਈ ਸੀ। ਉਹ ਇਕ ਧੀ ਦਾ ਪਿਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਉਸਨੂੰ ਨਸ਼ਾ ਨਾ ਮਿਲਿਆ ਤਾਂ ਉਸਨੇ ਆਪਣੀ ਮਾਂ ਤੋਂ ਪੈਸੇ ਮੰਗੇ। ਪੈਸੇ ਨਾ ਮਿਲਣ ‘ਤੇ ਉਸਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।