ਨਵੇਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਕਰਵਾਈ ਫਰੈਸ਼ਰ ਪਾਰਟੀ

ਪਟਿਆਲਾ, 11 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਸਬੰਧੀ ਡਾਇਰੈਕਟੋਰੇਟ ਵੱਲੋਂ ਕੱਲ੍ਹ ਨਵੇਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਇੱਕ ਫਰੈਸ਼ਰ ਪਾਰਟੀ ਕਰਵਾਈ ਗਈ। ਯੂਨੀਵਰਸਿਟੀ ਵਿਖੇ ਪੜ੍ਹ ਰਹੇ 40 ਤੋਂ ਵੱਧ ਦੇਸਾਂ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਏ ਦਾ ਜਸ਼ਨ ਮਨਾਉਣ ਲਈ ਆਪੋ-ਆਪਣੇ ਦੇਸਾਂ ਅਤੇ ਸਭਿਆਚਾਰਾਂ ਦੇ ਰਵਾਇਤੀ ਨਾਚ ਅਤੇ ਸੰਗੀਤਕ ਵੰਨਗੀਆਂ, ਫੈਸ਼ਨ ਵਾਕ ਆਦਿ ਗਤੀਵਿਧੀਆਂ ਨਾਲ ਸਭ ਦਾ ਦਿਲ ਜਿੱਤਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਲੋਕ-ਨਾਚ ਭੰਗੜੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦਾ ਅਹਿਮ ਅੰਗ ਹਨ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਆਪੋ ਆਪਣੇ ਦੇਸਾਂ ਦੇ ਸੱਭਿਆਚਾਰ ਨੂੰ ਦਰਸ਼ਕਾਂ ਸਾਹਮਣੇ ਉਜਾਗਰ ਕਰਨ ਸਬੰਧੀ ਵਿਸ਼ੇਸ਼ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।

ਪ੍ਰੋਗਰਾਮ ਦੇ ਮਕਸਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਸਭਿਆਚਾਰਾਂ ਦੇ ਵਿਦਿਆਰਥੀਆਂ ਵਿੱਚ ਏਕਤਾ ਅਤੇ ਸਾਂਝ ਪੈਦਾ ਪੱਖੋਂ ਅਜਿਹੀਆਂ ਗਤੀਵਿਧੀਆਂ ਦਾ ਵਿਸ਼ੇਸ਼ ਮਹੱਤਵ ਹੈ।

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੀਤ ਟਰੈਕਟਰ ਫ਼ਰਮ ਦੇ ਡਾਇਰੈਕਟਰ ਸ਼੍ਰੀ ਸੁਖਵਿੰਦਰ ਸਿੰਘ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ,ਨੇ ਡਾਇਰੈਕਟੋਰੇਟ ਨੂੰ ਸ਼ੋਅ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ।

ਸਬੰਧਤ ਡਾਇਰੈਕਟੋਰੇਟ ਦੇ ਡੀਨ ਪ੍ਰੋ. ਦਮਨਜੀਤ ਸੰਧੂ ਨੇ ਕਿਹਾ ਕਿ ਇਸ ਸਮਾਗਮ ਪ੍ਰਤੀ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਉਤਸ਼ਾਹਿਤ ਸਨ ਅਤੇ ਇਸ ਸਮਾਗਮ ਦੀ ਸ਼ਾਨਦਾਰ ਸਫਲਤਾ ਪੰਜਾਬੀ ਯੂਨੀਵਰਸਿਟੀ ਦੀ ਸਦਭਾਵਨਾ ਦਾ ਸੁਨੇਹਾ ਦੂਰ-ਦੂਰ ਤੱਕ ਫੈਲਾਏਗੀ।

 ਡਾਇਰੈਕਟੋਰੇਟ ਦੇ ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਨੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਕੈਂਪਸ ਵਿੱਚ ਉਸਾਰੂ ਸੱਭਿਆਚਾਰ ਕਾਰਨ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਦਾਖਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਬਰਾੜ ਵੱਲੋਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਨਵੇਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਰਿਵਾਰ ਦੇ ਮੈਂਬਰ ਬਣਨ ਉੱਤੇ ਵਧਾਈ ਦਿੱਤੀ ਗਈ।

ਇਸ ਮੌਕੇ ਪ੍ਰੋ. ਰਿਤੂ ਲਹਿਲ, ਡੀਨ ਰਿਸਰਚ, ਪ੍ਰੋ. ਮਿੰਨੀ ਸਿੰਘ, ਐਡੀਸ਼ਨਲ ਡੀਨ ਰਿਸਰਚ, ਪ੍ਰੋ. ਮਮਤਾ ਸ਼ਰਮਾ, ਡੀਨ ਵਿਦਿਆਰਥੀ ਭਲਾਈ, ਪ੍ਰੋ. ਭੀਮ ਇੰਦਰ, ਡਾਇਰਕਟਰ ਯੁਵਕ ਭਲਾਈ, ਪ੍ਰੋ. ਸੁਖਜੀਤ ਰਾਨਾਡੇ, ਡਾਇਰੈਕਟਰ ਯੋਜਨਾ ਅਤੇ ਨਿਰੀਖਣ, ਪ੍ਰੋ. ਰਿਚਾ ਸ਼੍ਰੀ, ਡਾ. ਇੰਦਰਪ੍ਰੀਤ ਸੰਧੂ, ਡਾ. ਸੁਖਮਿੰਦਰ ਕੌਰ, ਡਾ. ਨੀਲੋਫਰ ਸੋਹੀ, ਡਾ. ਸੁਖਵਿੰਦਰ ਸਿੰਘ, ਡਾ. ਬਿਕਰਮ ਅਤੇ ਡਾ. ਅਨੁਮੀਤ ਸ਼ਾਮਲ ਸਨ।

Scroll to Top