‘ਦੁੱਧ-ਇਕ ਸੰਪੂਰਨ ਖੁਰਾਕ’ ਵਿਸ਼ੇ ਸਬੰਧੀ ਲਗਾਇਆ ਸੈਮੀਨਾਰ
ਸੰਗਰੂਰ, 18 ਫਰਵਰੀ : ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਮਦਨ ਸਿੰਘ ਕਪੂਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੰਗਰੂਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਦਾਮਪੁਰ ਵਿਖੇ ਬੱਚਿਆਂ ਨੂੰ ਦੁੱਧ ਦੀ ਗੁਣਵੱਤਾ ਅਤੇ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਲਗਾਇਆ ਗਿਆ । ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਲਗਾਏ ਇਸ ਸੈਮੀਨਾਰ ਵਿੱਚ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ, ਸੰਗਰੂਰ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਅਤੇ ਦੁੱਧ ਦੀ ਗੁਣਵੱਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ । ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੱਚਿਆਂ ਨੂੰ ਕੋਲਡ ਡ੍ਰਿੰਕ, ਜੰਕ ਫੂਡਜ਼ ਆਦਿ ਲੈਣ ਦੀ ਬਜਾਏ ਦੁੱਧ ਅਤੇ ਦੁੱਧ ਦੇ ਬਣੇ ਪਦਾਰਥ ਲੈਣ ਬਾਰੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਦੁੱਧ ਵਿਚ ਮੌਜੂਦ ਜ਼ਰੂਰੀ ਤੱਤ ਬੱਚਿਆਂ ਨੂੰ ਮਿਲ ਸਕਣ । ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਦਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਦੁੱਧ ਵਿਚ ਮੋਜੂਦ ਪ੍ਰੋਟੀਨ,ਕੈਲਸ਼ੀਅਮ, ਲੈਕਟਜ਼, ਫੈਟ, ਮਿਨਰਲ ਵਿਟਾਮਿਨ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਦੁੱਧ ਪਦਾਰਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ । ਡੇਅਰੀ ਫੀਲਡ ਸਹਾਇਕ ਚਰਨਜੀਤ ਧੀਰ ਨੇ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਸਕੂਲਾਂ ਦੇ ਸਟਾਫ ਵਲੋਂ ਇਸ ਸੈਮੀਨਾਰ ਵਿੱਚ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੈਮੀਨਾਰ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਅਤੇ ਲਾਭਦਾਇਕ ਸਾਬਿਤ ਹੋਣਗੇ ਕਿਉਂਕਿ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ ਉੱਥੇ ਬੱਚਿਆਂ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਕਰਨ ਲਈ ਪ੍ਰੇਰਨਾ ਮਿਲੇਗੀ ।