ਤੰਬਾਕੂ ਕੰਟਰੋਲ ਐਕਟ ਦੀ ਉਲਘੰਣਾਂ ਕਰਨ ਵਾਲੇ 8 ਵਿਅਕਤੀਆਂ ਦੇ ਕੱਟੇ ਚਲਾਨ
ਪਟਿਆਲਾ, 17 ਨਵੰਬਰ : ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ *ਤੇ ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਇੰਦਰਪ੍ਰੀਤ ਰੰਧਾਵਾ ਦੀ ਅਗਵਾਈ ਵਿੱਚ ਤੰਬਾਕੂ ਕੰਟਰੋਲ ਸੈਲ ਦੀ ਟੀਮ ਜਿਸ ਵਿੱਚ ਸਹਾਇਕ ਮਲੇਰੀਆ ਅਫਸਰ ਡਾ. ਇੰਦਰਪ੍ਰੀਤ ਰੰਧਾਵਾ ਅਤੇ ਹੈਲਥ ਸੁਪਰਵਾਈਜਰ ਅਨਿਲ ਕੁਮਾਰ ਸ਼ਾਮਲ ਸਨ, ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ *ਤੇ 8 ਦੁਕਾਨਾਂ/ਖੋਖਿਆਂ ਦੇ ਚਲਾਨ ਕੱਟ ਕੇ 1500 ਰੁਪਏ ਜੁਰਮਾਨੇ ਵੱਜੋਂ ਵਸੂਲ ਕੀਤੇ ਗਏ।
ਜਿਲ੍ਹਾ ਸਹਾਇਕ ਸਿਹਤ ਅਫਸਰ ਡਾ. ਇੰਦਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਟੀਮ ਵੱਲੋਂ ਸਰਕਾਰੀ ਮੈਡੀਕਲ ਕਾਲਜ, ਛੋਟੀ ਬਾਰਾਦਰੀ, ਲੀਲਾ ਭਵਨ ਅਤੇ ਭੁਪਿੰਦਰਾ ਰੋੜ ਦੇ ਨੇੜੇ ਦੇ ਖੇਤਰਾਂ ਵਿੱਚ ਜਾ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲੀਆਂ ਸਿਗਰਟਾਂ ਦੀ ਵਿਕਰੀ ਕੀਤੀ ਜਾ ਰਹੀ ਸੀ, ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਅਤੇ ਪਿਕਟੋਰੀਅਲ ਚਿੰਨ ਵਾਲੇ ਸਾਈਨ ਬੋਰਡ ਨਹੀਂ ਲੱਗੇ ਹੋਏ ਸਨ, ਉਨ੍ਹਾਂ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਸੀ।ਜਿਸ ਕਰਕੇ ਸਬੰਧਿਤ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨਾ ਕੀਤਾ ਗਿਆ।
ਡਾ. ਰੰਧਾਵਾ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜਰੂਰੀ ਹੈ ਤਾਂ ਜੋ ਉਕਤ ਕਾਨੁੰਨ ਨੂੰ ਲੋਕ ਹਿੱਤ ਦੇ ਮਦੇਨਜਰ ਰੱਖਦੇ ਹੋਏ ਲਾਗੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਵਿਚ ਤੰਬਾਕੁ ਪਦਾਰਥਾਂ ਦੀ ਵਿਕਰੀ ਤੇ ਮਨਾਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾ ਉਸ ਵਿਧ ਐਕਟ ਅਨਸੁਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਉਂਦੇ ਸਮੇਂ ਵਿਚ ਵੀ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ ਆਦਿ ਥਾਂਵਾ ਦੇ ਨਾਲ—ਨਾਲ ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ।