ਡੇਅਰੀ ਵਿਕਾਸ ਵਿਭਾਗ ਨੇ ਪਿੰਡ ਸ਼ਾਹਪੁਰ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਸ਼ਾਹਪੁਰ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
-ਰਾਜਵੀਰ ਸਿੰਘ ਨੇ ਕੈਨੇਡਾ ਛੱਡ ਕੇ ਅਪਣਾਇਆ ਡੇਅਰੀ ਫਾਰਮਿੰਗ ਦਾ ਕਿੱਤਾ
ਪਟਿਆਲਾ, 5 ਦਸੰਬਰ : ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਸ਼ਾਹਪੁਰ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਲਬੀਰ ਕੁਮਾਰ ਨੇ ਦੱਸਿਆ ਕਿ ਦੁੱਧ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਇਸ ਕਿੱਤੇ ਦੀਆਂ ਬਾਰੀਕੀਆਂ ਸਬੰਧੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਲਗਾਤਾਰ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ, ਇਸੇ ਲੜੀ ਤਹਿਤ ਪਿੰਡ ਸ਼ਾਹਪੁਰ ਵਿਖੇ ਕੈਂਪ ਲਗਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਦੁੱਧ ਉਤਪਾਦਕਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਦੋ ਹਫ਼ਤੇ ਤੇ ਚਾਰ ਹਫ਼ਤੇ ਦਾ ਸਿਖਲਾਈ ਕੋਰਸ, 2 ਤੋਂ 20 ਪਸੂਆਂ ਤੱਕ ਡੀ. ਡੀ.-8 ਕਰਜ਼ਾ ਸਕੀਮ ਤਹਿਤ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ ।
ਮਿਲਕਫੈੱਡ ਦੇ ਖਰੀਦ ਮੈਨੇਜਰ (ਸੇਵਾਮੁਕਤ) ਗੁਰਮੇਲ ਸਿੰਘ ਰਠੌਰ ਵੱਲੋਂ ਦੁੱਧ ਦੀ ਫੈਟ, ਐਸ.ਐਨ.ਐਫ ਦੇ ਘਟਣ ਵਧਣ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਦੁੱਧ ਤੋਂ ਪਦਾਰਥ ਬਣਾਉਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਡੇਅਰੀ ਵਿਕਾਸ ਇੰਸਪੈਕਟਰ ਯਸ਼ਪਾਲ ਨੇ ਐਨ.ਐਲ.ਐਮ ਪਸ਼ੂ ਬੀਮਾ ਸਕੀਮ, ਐਨ. ਐਨ. ਐਮ. ਫੀਡ ਅਤੇ ਫੌਡਰ ਸਕੀਮ ਅਤੇ ਸਾਰਾ ਸਾਲ ਹਰੇ ਚਾਰੇ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਗਈ। ਵੈਟਰਨਰੀ ਇੰਸਪੈਕਟਰ (ਸੇਵਾਮਕੁਤ) ਡਾ. ਮੋਹਨ ਸ਼ਰਮਾ ਨੇ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ। ਡੇਅਰੀ ਵਿਕਾਸ ਇੰਸਪੈਕਟਰ ਲਖਮੀਰ ਸਿੰਘ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਅਤੇ ਕੈਟਲਸ਼ੈੱਡ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ।
ਕੈਂਪ ਵਿੱਚ ਅਗਾਂਹਵਧੂ ਡੇਅਰੀ ਫਾਰਮਰ ਰਾਜਵੀਰ ਸਿੰਘ ਜਿਨ੍ਹਾਂ ਨੇ ਕੈਨੇਡਾ ਛੱਡ ਕੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਇਆ ਵੱਲੋਂ ਵੀ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਨੂੰ ਤਕਨੀਕੀ ਢੰਗ ਨਾਲ ਕਰਨ ਦੇ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਡੇਅਰੀ ਦੇ ਕਿੱਤੇ ਨੂੰ ਅਪਣਾਉਣਾ ਹੈ ਤਾਂ ਇਸ ਦੀ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਲਈ ਜਾਵੇ ਅਤੇ ਬਾਰੀਕੀਆਂ ਨੂੰ ਜਾਨਣ ਤੋਂ ਬਾਅਦ ਹੀ ਕਿੱਤੇ ਨੂੰ ਸ਼ੁਰੂ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਵਿਭਾਗ ਵੱਲੋਂ ਦੋ ਹਫ਼ਤੇ ਦੀ ਸਿਖਲਾਈ ਜੋ ਮਿਤੀ 30 ਦਸੰਬਰ ਨੂੰ ਚਲਾਈ ਜਾਵੇਗੀ ਵਿੱਚ ਹਿੱਸਾ ਲੈਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਡੇਅਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਹਵਾਨ ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਖੇ ਸੰਪਰਕ ਕਰ ਸਕਦੇ ਹਨ । ਇਸ ਮੌਕੇ ਪਿੰਡ ਸ਼ਾਹਪੁਰ ਦੇ ਮੁਹਤਬਰ ਵਿਅਕਤੀਆਂ ਨੇ ਡੇਅਰੀ ਵਿਕਾਸ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੁੱਧ ਉਤਪਾਦਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ।

Leave a Comment

Your email address will not be published. Required fields are marked *

Scroll to Top