ਪਟਿਆਲਾ, 25 ਸਤੰਬਰ – ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ੍ਰੀ ਰਾਮ ਲੀਲਾ ਦੇ ਚੌਥੇ ਦਿਨ ਜਿੱਥੇ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਤੋਂ ਬਾਅਦ ਮਹਾਰਾਜ ਦਸ਼ਰਥ ਵੱਲੋਂ ਰਾਮ ਦੇ ਰਾਜਅਭਿਸ਼ੇਕ ਦੀ ਘੋਸ਼ਣਾ ਕੀਤੇ ਜਾਣ ਤੇ ਸਾਰੇ ਅਯੋਧਿਆ ਵਾਸੀਆਂ ਵੱਲੋਂ ਖੁਸ਼ੀ ਮਨਾਉਣ ਦਾ ਦ੍ਰਿਸ਼ ਪ੍ਰਸਤੁਤ ਕੀਤਾ ਗਿਆ, ਉਥੇ ਹੀ ਸ੍ਰੀ ਰਾਮ ਨੂੰ 14 ਸਾਲ ਦਾ ਵਨਵਾਸ ਦਿੱਤੇ ਜਾਣ ਵਾਲਾ ਦ੍ਰਿਸ਼ ਬੜੇ ਹੀ ਭਾਵਨਾਤਮਕ ਢੰਗ ਨਾਲ ਦਰਸਾਇਆ ਗਿਆ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਚੌਥੇ ਦਿਨ ਸ੍ਰੀ ਰਾਮ ਲੀਲਾ ਦੀ ਸ਼ੁਰੂਆਤ ਮਹਾਰਾਜ ਦਸ਼ਰਥ ਦੇ ਮਹਿਲ ਤੋਂ ਹੋਈ, ਜਿੱਥੇ ਉਹ ਸ੍ਰੀ ਰਾਮ ਨੂੰ ਵਨਵਾਸ ਭੇਜਣ ਦਾ ਦੁੱਖ ਮਨਾਉਂਦੇ ਹਨ ਅਤੇ ਉਨ੍ਹਾਂ ਨੂੰ ਸ਼ਰਵਣ ਕੁਮਾਰ ਦੇ ਮਾਤਾ-ਪਿਤਾ ਵੱਲੋਂ ਦਿੱਤਾ ਗਿਆ ਸ਼ਾਪ ਯਾਦ ਆਉਂਦਾ ਹੈ ਕਿ “ਜਿਵੇਂ ਅਸੀਂ ਪੁੱਤਰ ਵਿਯੋਗ ਵਿੱਚ ਆਪਣੇ ਪ੍ਰਾਣ ਤਿਆਗ ਰਹੇ ਹਾਂ, ਉਸੇ ਤਰ੍ਹਾਂ ਤੂੰ ਵੀ ਆਪਣੇ ਪੁੱਤਰ ਦੇ ਵਿਯੋਗ ਵਿੱਚ ਆਪਣੇ ਪ੍ਰਾਣ ਤਿਆਗੇਂਗਾ।” ਮਹਾਰਾਜ ਦਸ਼ਰਥ “ਰਾਮ-ਰਾਮ” ਕਹਿੰਦੇ ਹੋਏ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
ਅਗਲੇ ਦ੍ਰਿਸ਼ ਵਿੱਚ ਭਰਤ ਅਤੇ ਸ਼ਤ੍ਰੁਘਨ ਨੂੰ ਨਨਿਹਾਲ ਤੋਂ ਵਾਪਸ ਬੁਲਾਇਆ ਜਾਂਦਾ ਹੈ। ਵਾਪਸ ਆਉਣ ‘ਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਦਸ਼ਰਥ ਦੀ ਮੌਤ ਹੋ ਚੁੱਕੀ ਹੈ ਅਤੇ ਰਾਣੀ ਕੈਕੇਈ ਨੇ ਭਰਤ ਨੂੰ ਰਾਜਾ ਬਣਾਉਣ ਲਈ ਮਹਾਰਾਜ ਦਸ਼ਰਥ ਤੋਂ ਆਪਣੇ ਦੋ ਵਚਨ — ਪਹਿਲੇ ਵਿੱਚ ਭਰਤ ਨੂੰ ਰਾਜਾ ਬਣਾਉਣਾ ਅਤੇ ਦੂਜੇ ਵਿੱਚ ਰਾਮ ਨੂੰ 14 ਸਾਲ ਲਈ ਵਨਵਾਸ ਭੇਜਣਾ — ਮੰਗੇ ਸਨ, ਜਿਸ ਕਾਰਨ ਸ੍ਰੀ ਰਾਮ ਵਨਵਾਸ ਚਲੇ ਗਏ।
ਇਸ ‘ਤੇ ਭਰਤ ਗੁੱਸੇ ਵਿੱਚ ਉਥੋਂ ਚਲੇ ਜਾਂਦੇ ਹਨ ਅਤੇ ਰਾਣੀ ਕੌਸ਼ਲਿਆ ਨੂੰ ਮਿਲ ਕੇ ਉਨ੍ਹਾਂ ਕੋਲੋਂ ਮਾਫੀ ਮੰਗਦੇ ਹਨ। ਅਗਲਾ ਦ੍ਰਿਸ਼ ਸ੍ਰੀ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਦੇ ਵਨਵਾਸ ਜਾਣ ਦਾ ਵਿਖਾਇਆ ਜਾਂਦਾ ਹੈ, ਜਿੱਥੇ ਉਹ ਨਿਸ਼ਾਦ ਰਾਜ ਨੂੰ ਮਿਲਦੇ ਹਨ ਅਤੇ ਕੇਵਟ ਉਨ੍ਹਾਂ ਨੂੰ ਨਦੀ ਪਾਰ ਕਰਵਾਉਂਦਾ ਹੈ। ਇਨ੍ਹਾਂ ਦ੍ਰਿਸ਼ਾਂ ਨੂੰ ਦੇਖ ਕੇ ਸਾਰੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਹੰਜੂ ਆ ਗਏ।
ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਵਿੱਚ ਮਰਦਾਂ ਦੇ ਪਾਤਰ ਮੁੰਡਿਆਂ ਵੱਲੋਂ ਅਤੇ ਔਰਤਾਂ ਦੇ ਪਾਤਰ ਕੁੜੀਆਂ ਵੱਲੋਂ ਨਿਭਾਏ ਜਾਂਦੇ ਹਨ। ਸ੍ਰੀ ਰਾਮ ਦਾ ਪਾਤਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਮਣ ਦਾ ਆਦਿਤਿਆ ਸ਼ਰਮਾ, ਭਰਤ ਦਾ ਪਾਰਥ ਭੱਲਾ, ਸ਼ਤ੍ਰੁਘਨ ਦਾ ਦਿਵਾਂਸ਼ ਗਰਗ, ਮਹਾਰਾਜ ਦਸ਼ਰਥ ਦਾ ਡਾ. ਆਸ਼ੀਸ਼ ਕੌਸ਼ਲ, ਰਾਣੀ ਕੈਕੇਈ ਦਾ ਡਾ. ਸੋਨੀਆ ਸੋਢੀ ਕੌਸ਼ਲ, ਮੰਥਰਾ ਦਾ ਡਾ. ਦੀਪਿਕਾ ਸ਼ਰਮਾ, ਰਾਣੀ ਕੌਸ਼ਲਿਆ ਦਾ ਮੋਕਸ਼ਾ, ਰਾਣੀ ਸੁਮਿਤਰਾ ਦਾ ਪਾਤਰ ਰਿਤੂ ਵੱਲੋਂ ਨਿਭਾਇਆ ਗਿਆ। ਇਸ ਤੋਂ ਇਲਾਵਾ ਸੈਮ, ਜੱਸੀ, ਕਣਵ, ਅਨਮੋਲ, ਸ਼ਿਵਮ, ਸ਼ੁਭਮ, ਮਾਧਵ ਨੇ ਵੱਖ-ਵੱਖ ਪਾਤਰਾਂ ਦੀ ਭੂਮਿਕਾ ਨਿਭਾਈ।