ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿਖ ਜਥੇ ਦੀ ਇਕ ਮਹਿਲਾ ਹੋਈ ਲਾਪਤਾ

ਅੰਮ੍ਰਿਤਸਰ, 14 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਪਾਕਿਸਤਾਨ ਗਏ ਸਿਖਾਂ ਦੇ ਲਗਭਗ 1900 ਮੈਬਰਾਂ ਦੇ ਜਥੇ ਵਿਚੋਂ ਇਕ ਮਹਿਲਾ ਮੈਬਰ ਦੇ ਵਾਪਸ ਨਾ ਪਰਤਨ ਕਾਰਨ ਉਹ ਲਾਪਤਾ ਹੋ ਗਈ ਹੈ।

ਜਿਕਰਯੋਗ ਹੈ ਕਿ ਲਾਪਤਾ ਹੋਈ ਮਹਿਲਾ ਦੀ ਪਹਿਚਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਅਮਾਨੀਪੁਰ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਦੋ ਇਸ ਸਬੰਧੀ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਉਕਤ ਮਹਿਲਾ ਵਲੋ ਪਾਕਿਸਤਾਨ ਜਾਣ ਲਈ ਭਰੇ ਇਮੀਗ੍ਰੇਸ਼ਨ ਫਾਰਮ ਵਿਚ ਸਰਬਜੀਤ ਕੌਰ ਨੇ ਆਪਣੇ ਨਾਗਰਿਕਤਾ ਸਬੰਧੀ ਵੇਰਵੇ ਅਤੇ ਪਾਸਪੋਰਟ ਨੰਬਰ ਦਾ ਜ਼ਿਕਰ ਨਹੀਂ ਕੀਤਾ ਸੀ, ਜਿਸ ਕਾਰਨ ਜਾਂਚ ਏਜੰਸੀਆਂ ਨੂੰ ਉਸਦੀ ਟਰੇਕਿੰਗ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੂਬਾ ਤੇ ਕੇਂਦਰੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈਆਂ ਹਨ। ਅਧਿਕਾਰੀ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਨਿਰੰਤਰ ਸੰਪਰਕ ਕਰ ਰਹੇ ਹਨ ਤਾਂ ਜੋ ਉਸਦੀ ਪਾਕਿਸਤਾਨ ਯਾਤਰਾ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਗਿਆ ਇਹ ਜਥਾ ਹੁਣ ਵਾਪਸ ਪਰਤ ਚੁਕਾ ਹੈ ਪਰ ਸਰਬਜੀਤ ਕੌਰ ਦੀ ਗੈਰਹਾਜ਼ਰੀ ਕਾਰਨ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

Scroll to Top