ਬਹਾਦਰਗੜ੍ਹ/ਪਟਿਆਲਾ 1 ਅਕਤੂਬਰ – ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਅਤੇ ਪਾਵਨ ਇਤਿਹਾਸਕ ਅਸਥਾਨ ਪਾਤਸਾਹ ਨੌਂਵੀਂ ਬਹਾਦਰਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਅਦਬ ਅਤੇ ਸਤਿਕਾਰ ਨਾਲ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਅਤੇ ਝੌਰ ਸਾਹਿਬ ਦੀ ਸੇਵਾ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਆਪਣੇ ਕਰ ਕਮਲਾਂ ਨੇ ਕੀਤੀ।
ਨਗਰ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਸੰਤ ਮਹਾਂਪੁਰਸ਼ਾਂ ’ਚ ਮਾਤਾ ਵਿਪਨਪ੍ਰੀਤ ਕੌਰ ਲੁਧਿਆਣੇ ਵਾਲੇ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆਂ ਵਾਲੇ, ਬਾਬਾ ਭੁਪਿੰਦਰ ਸਿੰਘ, ਕਮਾਂਡੋਜ਼ ਬਟਾਲੀਅਨ ਬਹਾਦਰਗੜ੍ਹ ਤੋਂ ਕਮਾਂਡੈਂਟ ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਬਡੂੰਗਰ ਉੇਚੇਚੇ ਤੌਰ ’ਤੇ ਸ਼ਾਮਲ ਹੋਏ।
ਨਗਰ ਕੀਰਤਨ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਸੰਗਤਾਂ ਨੂੰ ਆਗਮਨ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਦੇ ਸਬੰਧ ਵਿਚ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪ੍ਰਚਾਰ ਪਸਾਰ ਦੀ ਲਹਿਰ ਨੂੰ ਪ੍ਰਚੰਡ ਕਰਦੇ ਹੋਏ ਇਸ ਪਾਵਨ ਧਰਤੀ ’ਤੇ ਪਹੁੰਚ ਕਰਕੇ ਸੰਗਤਾਂ ਦਾ ਕਲਿਆਣ ਕੀਤਾ ਅਤੇ ਗੁਰੂ ਸਾਹਿਬ ਦੇ ਫਲਸਫੇ ਨਾਲ ਜੋੜਿਆ।
ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਤਿਹਾਸ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਅਤੇ ਬਲਿਦਾਨ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਦਾ ਉਦੇਸ਼ ਗੁਰੂ ਸਾਹਿਬ ਦੇ ਭਾਣੇ ’ਚ ਰਹਿ ਕੇ ਮਾਨਵਤਾ ਦਾ ਕਲਿਆਣ ਕਰਨਾ ਰਿਹਾ ਅਤੇ ਹਿੰਦੂ ਧਰਮ ਗੁਰੂਆਂ ਦੀ ਅਪੀਲ ’ਤੇ ਆਪਣਾ ਆਪ ਬਲਿਦਾਨ ਦੇਣ ਲਈ ਤਿਆਰ ਹੋਣ ਦੇ ਸੰਕਲਪ ਨੇ ਸਮੁੱਚੀ ਲੋਕਾਈ ਨੂੰ ਪ੍ਰਮਾਤਮਾ ਦੇ ਘਰ ਵੱਲ ਜਾਣ ਦੀ ਜੀਵਨ ਜਾਂਚ ਨਾਲ ਪ੍ਰੇਰਿਤ ਕੀਤਾ ਅੱਜ ਲੋੜ ਹੈ ਕਿ ਗੁਰੂ ਸਾਹਿਬ ਦੀ ਬਾਣੀ ਤੇ ਉਦੇਸ਼ ਨੂੰ ਹੋਰ ਅੱਗੇ ਲਿਜਾਈਏ ਤਾਂ ਕਿ ਸਮੁੱਚੀ ਮਾਨਵਤਾ ਦਾ ਕਲਿਆਣ ਹੋ ਸਕੇ।
ਇਸ ਮੌਕੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਕਰੋੜੀ ਨੇ ਵੀ ਸੰਗਤਾਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਮੁੱਚਾ ਸਿੱਖ ਜਗਤ ਗੁਰੂ ਸਾਹਿਬ ਦੀ 350 ਸਾਲਾ ਸ਼ਤਾਬਦੀ ਨੂੰ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਹੈ ਅਤੇ ਮਨੁੱਖਤਾ ਨੂੰ ਅਜਿਹੇ ਮਹਾਨ ਕਾਰਜ ਵਿਚ ਪੁੱਜ ਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਅਪਣਾਉਣਾ ਚਾਹੀਦਾ।
ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਪਾਲਕੀ ਜਿੱਥੇ ਖਿੱਚ ਦਾ ਕੇਂਦਰ ਬਣੀ ਹੋਈ ਸੀ, ਉੱਥੇ ਹੀ ਗਤਕਾ ਪਾਰਟੀਆਂ ਨੇ ਵੀ ਗਤਕੇ ਦੇ ਜੌਹਰ ਵਿਖਾਏ।ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਵਾਹਿਗੁਰੂ ਦੇ ਨਾਮ ਸਿਮਰਨ ਕਰਦਿਆਂ ਪਾਲਕੀ ਦੇ ਨਾਲ ਨਾਲ ਚੱਲਦਿਆਂ ਮਾਹੌਲ ਨੂੰ ਹੋਰ ਵੀ ਸੁਖਾਵਾਂ ਬਣਾਇਆ। ਇਸ ਦੌਰਾਨ ਗੁਰੂ ਸਾਹਿਬ ਦੀ ਪਾਲਕੀ ’ਤੇ ਅਸਮਾਨ ਵਿਚ ਆਏ ਹੈਲੀਕਾਪਟਰ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਵਿਚ ਹੋਰ ਵਧੇਰੇ ਜੋਸ਼ ਭਰਿਆ।