ਕੇਂਦਰ ਸਰਕਾਰ ਗ੍ਰੀਨਫੀਲਡ ਪਠਾਨਕੋਟ ਹਾਈਵੇਅ ਲਈ 666. 81 ਕਰੋੜ ਰੁਪਏ ਕੀਤੇ ਮਨਜ਼ੂਰ
ਕੇਂਦਰ ਸਰਕਾਰ ਨੇ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਲਿੰਕ ਰੋਡ ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ । ਇਹ 12.34 ਕਿਲੋਮੀਟਰ ਲੰਬੀ ਸੜਕ ਐਨ. ਐਚ. 44 `ਤੇ ਸਥਿਤ ਪਿੰਡ ਤਲਵਾੜਾ ਜੱਟਾਂ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ `ਤੇ ਸਥਿਤ ਗੋਬਿੰਦਸਰ ਪਿੰਡ ਨਾਲ ਜੋੜੇਗੀ । ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ `ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ । ਉਨ੍ਹਾਂ ਲਿਖਿਆ ਹੈ ਕਿ ਅਸੀਂ ਹਾਈਵੇਅ ਲਈ ਫੰਡ ਮਨਜ਼ੂਰ ਕਰ ਦਿੱਤੇ ਹਨ । ਇਸ ਹਾਈਵੇਅ ਦੇ ਬਣਨ ਤੋਂ ਬਾਅਦ ਇੱਕ ਘੰਟੇ ਦਾ ਸਫ਼ਰ ਸਿਰਫ਼ 20 ਮਿੰਟ ਵਿੱਚ ਪੂਰਾ ਹੋ ਜਾਵੇਗਾ । ਨਾਲ ਹੀ ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ, ਇਸ ਨਾਲ ਲੋਕਾਂ ਦਾ ਸਫਰ ਆਸਾਨ ਹੋ ਜਾਵੇਗਾ । ਪਠਾਨਕੋਟ ਲਿੰਕ ਰੋਡ 4/6 ਲੇਨ ਦੀ ਹੋਵੇਗੀ । ਇਹ ਜੰਮੂ ਅਤੇ ਕਸ਼ਮੀਰ ਵਿੱਚ ਨਿਰਮਾਣ ਅਧੀਨ ਐਨ. ਐਚ-44 (ਦਿੱਲੀ-ਸ਼੍ਰੀਨਗਰ), -54 (ਅੰਮ੍ਰਿਤਸਰ-ਪਠਾਨਕੋਟ) ਅਤੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 14) ਵਿਚਕਾਰ ਇੱਕ ਮਹੱਤਵਪੂਰਨ ਕਨੈਕਟਰ ਵਜੋਂ ਕੰਮ ਕਰੇਗਾ। ਇਸ ਸੜਕ ਦੇ ਬਣਨ ਨਾਲ ਪਠਾਨਕੋਟ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਘਟੇਗੀ । ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ । ਨਾਲ ਹੀ, ਮੌਜੂਦਾ ਰੂਟ ਨੂੰ 53 ਕਿਲੋਮੀਟਰ ਤੋਂ 37 ਕਿਲੋਮੀਟਰ ਤੱਕ ਸੁਚਾਰੂ ਬਣਾਉਣ ਨਾਲ ਲਿੰਕ ਰੋਡ ਰਾਹੀਂ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ । ਜੋ ਪੀਕ ਆਵਰਜ਼ ਦੌਰਾਨ 1 ਘੰਟਾ 40 ਮਿੰਟ ਤੋਂ ਘਟ ਕੇ ਸਿਰਫ 20 ਮਿੰਟ ਰਹਿ ਜਾਵੇਗਾ ।