ਦਿੱਲੀ, 16 ਜਨਵਰੀ : ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ (X) ਨੇ ਅਸ਼ਲੀਲ ਡੀਪਫੇਕ ਸਮੱਗਰੀ ਨੂੰ ਲੈ ਕੇ ਉੱਠੇ ਭਾਰੀ ਵਿਰੋਧ ਦੇ ਮੱਦੇਨਜ਼ਰ ਆਪਣੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਲਈ ਨਵੇਂ ਤਕਨੀਕੀ ਨਿਯੰਤਰਣ ਲਾਗੂ ਕਰ ਦਿੱਤੇ ਹਨ।
ਦਸ ਦਈਏ ਕਿ ਇਸ ਕਦਮ ਨੂੰ ਡਿਜ਼ਿਟਲ ਸੁਰੱਖਿਆ ਅਤੇ ਨਿੱਜਤਾ ਦੇ ਮਾਮਲੇ ਵਿੱਚ ਐਕਸ ਵੱਲੋਂ ਇਕ ਮਹੱਤਵਪੂਰਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਨਵੇਂ ਉਪਾਅ ਹੇਠ ਹੁਣ ਗਰੋਕ ਰਾਹੀਂ ਅਸਲ ਲੋਕਾਂ ਦੀਆਂ ਇਤਰਾਜ਼ਯੋਗ ਜਾਂ ਅਸ਼ਲੀਲ ਤਸਵੀਰਾਂ ਬਣਾਉਣਾ ਜਾਂ ਉਨ੍ਹਾਂ ਵਿੱਚ ਸੋਧ ਕਰਨਾ ਸੰਭਵ ਨਹੀਂ ਰਹੇਗਾ। ਇਸ ਮਾਮਲੇ ਵਿਚ ਸਰਕਾਰੀ ਦਬਾਅ ਤੋਂ ਬਾਅਦ ਐਕਸ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਲਗਭਗ 3,500 ਇਤਰਾਜ਼ਯੋਗ ਪੋਸਟਾਂ ਨੂੰ ਹਟਾਇਆ ਹੈ, ਜਦਕਿ 600 ਤੋਂ ਵੱਧ ਖਾਤਿਆਂ ਨੂੰ ਪਲੇਟਫਾਰਮ ਤੋਂ ਡਿਲੀਟ ਕਰ ਦਿੱਤਾ ਗਿਆ ਹੈ।
ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਪਾਬੰਦੀ ਸਾਰੇ ਉਪਭੋਗਤਾਵਾਂ ’ਤੇ ਲਾਗੂ ਹੋਵੇਗੀ। ਇਸ ਦੇ ਨਾਲ ਹੀ ਗਰੋਕ ਰਾਹੀਂ ਤਸਵੀਰ ਬਣਾਉਣ ਜਾਂ ਐਡਿਟ ਕਰਨ ਦੀ ਸਹੂਲਤ ਹੁਣ ਕੇਵਲ ਭੁਗਤਾਨ ਕਰਕੇ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਾਂ ਲਈ ਹੀ ਸੀਮਿਤ ਕਰ ਦਿੱਤੀ ਗਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਹੋਣ ’ਤੇ ਜਵਾਬਦੇਹੀ ਨਿਸ਼ਚਿਤ ਕੀਤੀ ਜਾ ਸਕੇ।