ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੋਕ ਸੰਦੇਸ਼

ਦਿੱਲੀ, 28 ਜਨਵਰੀ : ਮਹਾਰਾਸ਼ਟਰ ਦੇ ਸੀਨੀਅਰ ਆਗੂ ਅਜੀਤ ਪਵਾਰ ਦੇ ਅਕਾਲ ਦੇਹਾਂਤ ਦੀ ਖ਼ਬਰ ਮਗਰੋਂ ਦੇਸ਼ ਭਰ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਉੱਥੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜੀਤ ਪਵਾਰ ਇੱਕ ਅਜਿਹੇ ਲੋਕਪ੍ਰਿਯ ਨੇਤਾ ਸਨ, ਜਿਨ੍ਹਾਂ ਦੀ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਡੂੰਘੀ ਜੁੜਾਵ ਸੀ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਸੇਵਾ ਵਿੱਚ ਅਜੀਤ ਪਵਾਰ ਨੇ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਇੱਕ ਮਿਹਨਤੀ ਤੇ ਸਮਰਪਿਤ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਮਾਮਲਿਆਂ ’ਤੇ ਉਨ੍ਹਾਂ ਦੀ ਪਕੜ ਅਤੇ ਗਰੀਬਾਂ ਤੇ ਦੱਬੇ-ਕੁਚਲੇ ਵਰਗਾਂ ਨੂੰ ਸਸ਼ਕਤ ਕਰਨ ਦੀ ਲਗਨ ਕਾਬਲੇ-ਤਾਰੀਫ਼ ਰਹੀ। ਪੀਐਮ ਮੋਦੀ ਨੇ ਇਸ ਬੇਵਕਤੀ ਦੇਹਾਂਤ ਨੂੰ ਹੈਰਾਨ ਕਰਨ ਵਾਲਾ ਤੇ ਬਹੁਤ ਦੁਖਦਾਈ ਕਰਾਰ ਦਿੰਦਿਆਂ ਪਰਿਵਾਰ ਅਤੇ ਸਮਰਥਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਤਿੰਨ ਦਿਨਾਂ ਦਾ ਐਲਾਣਿਆ ਸਰਕਾਰੀ ਸੋਗ

ਇਸ ਦਰਮਿਆਨ ਮਹਾਰਾਸ਼ਟਰ ਸਰਕਾਰ ਵੱਲੋਂ ਰਾਜ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਰਾਜ ਭਰ ਵਿੱਚ ਸਾਰੇ ਸਰਕਾਰੀ ਸਮਾਗਮ ਰੱਦ ਕਰ ਦਿੱਤੇ ਗਏ ਹਨ ਅਤੇ ਅੱਜ ਦੇ ਦਿਨ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤਾ ਗਿਆ ਹੈ। ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਉਹ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਲ ਬਾਰਾਮਤੀ ਰਵਾਨਾ ਹੋ ਰਹੇ ਹਨ ਅਤੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਅਗਲੇ ਕਦਮਾਂ ਬਾਰੇ ਫੈਸਲਾ ਲਿਆ ਜਾਵੇਗਾ।

Scroll to Top