ਤੇਹਰਾਨ, 28 ਫਰਵਰੀ : ਇਰਾਨ ਤੇ ਇਜਰਾਈਲ ਵਿਚਾਲੇ ਹਮਲੇ ਤੇਜ ਹੋ ਗਏ ਹਨ, ਜਿਸ ਕਾਰਨ ਅੱਜ ਇਜਰਾਈਲ ਵਲੋ ਤੇਹਰਾਨ ਤੇ ਇਰਾਨੀ ਸ਼ਹਿਰਾਂ ਉਪਰ ਵੱਡੇ ਪੱਧਰ ਤੇ ਹਮਲੇ ਕੀਤੇ ਗਏ ਹਨ। ਜਿਕਰਯੋਗ ਹੈ ਕਿ ਹਮਲਿਆਂ ਕਾਰਨ ਵੱਖ-ਵੱਖ ਥਾਵਾਂ ’ਤੇ ਅੱਗ ਭੜਕ ਉੱਠੀ। ਹਮਲਿਆਂ ਤੋਂ ਬਾਅਦ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧੂੰਏਂ ਦੇ ਘਣੇ ਬੱਦਲ ਨਜ਼ਰ ਆ ਰਹੇ ਹਨ।
ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਇਰਾਨ ਅਤੇ ਅਮਰੀਕਾ ਦਰਮਿਆਨ ਪਰਮਾਣੂ ਮਾਮਲੇ ਨੂੰ ਲੈ ਕੇ ਗੱਲਬਾਤ ਜਾਰੀ ਸੀ। ਰਿਪੋਰਟਾਂ ਮੁਤਾਬਕ, ਹਮਲੇ ਅਮਰੀਕੀ ਸਹਿਯੋਗ ਨਾਲ ਕੀਤੇ ਗਏ ਅਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ।
ਹਮਲਿਆਂ ਤੋਂ ਬਾਅਦ ਇਰਾਨ ਦੇ ਸੁਪਰੀਮ ਆਗੂ ਅਲੀ ਖਾਨਮੇਈ ਨੂੰ ਸੁਰੱਖਿਆ ਦੇ ਮੱਦੇਨਜ਼ਰ ਇੱਕ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦਫ਼ਤਰ ਨੇੜਲੇ ਇਲਾਕੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਭਾਰਤੀ ਸਮੇਂ ਅਨੁਸਾਰ ਸਵੇਰ ਦੇ ਸਮੇਂ ਕੀਤੇ ਗਏ ਇਸ ਹਮਲੇ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਤੁਰੰਤ ਬੰਦ ਕਰ ਦਿੱਤਾ ਅਤੇ ਏਅਰਸਪੇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ।