ਦਿੱਲੀ, 19 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਅਤੇ ਪੁਨਰ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੂੰ ਗਾਜ਼ਾ ਦੇ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦਸ ਦਈਏ ਕਿ ਗਾਜ਼ਾ ਲਈ ਇੱਕ ਕਾਰਜਕਾਰੀ ਬੋਰਡ ਵੀ ਬਣਾਇਆ ਗਿਆ ਹੈ, ਜਿਸ ਦਾ ਮਕਸਦ ਮੈਦਾਨੀ ਪੱਧਰ ’ਤੇ ਫ਼ੈਸਲਿਆਂ ਨੂੰ ਲਾਗੂ ਕਰਨਾ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਇਸ ਮਾਮਲੇ ’ਤੇ ਐਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਗਾਜ਼ਾ ਲਈ ਨਵੇਂ ਬਣਾਏ ਗਏ ਬੋਰਡ ਦਾ ਐਲਾਨ ਇਜ਼ਰਾਇਲ ਦੀ ਪੂਰਵ ਜਾਣਕਾਰੀ ਤੋਂ ਬਿਨਾਂ ਹੀ ਕੀਤਾ ਗਿਆ, ਜਿਸ ਨਾਲ ਸਿਆਸੀ ਤੇ ਕੂਟਨੀਤਿਕ ਪੱਧਰ ’ਤੇ ਤਣਾਅ ਦੇ ਸੰਕੇਤ ਵੀ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗਾਜ਼ਾ ਪੀਸ ਪਲਾਨ ਹੁਣ ਆਪਣੇ ਦੂਜੇ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਇਸ ਤਹਿਤ ਟਰੰਪ ਪ੍ਰਸ਼ਾਸਨ ਵੱਲੋਂ ਗਾਜ਼ਾ ਦੇ ਪ੍ਰਸ਼ਾਸਨ ਅਤੇ ਪੁਨਰ ਨਿਰਮਾਣ ਦੀ ਨਿਗਰਾਨੀ ਲਈ ਨੈਸ਼ਨਲ ਕਮੇਟੀ ਆਫ ਦਿ ਐਡਮਨਿਸਟਰੇਸ਼ਨ ਆਫ ਗਾਜ਼ਾ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦੀ ਦੇਖਰੇਖ ਸਿੱਧੇ ਤੌਰ ’ਤੇ ਰਾਸ਼ਟਰਪਤੀ ਟਰੰਪ ਖੁਦ ਕਰ ਰਹੇ ਹਨ।