ਵਾਸ਼ਿੰਗਟਨ, 14 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਚਲ ਰਹੇ ਹਮਲਿਆਂ ਵਿਚਾਲੇ ਹੁਣ ਅਮਰੀਕਾ ਵਲੋ ਦਾਅਵਾ ਕੀਤਾ ਗਿਆ ਹੈ ਕਿ ਉਨਾ ਦੀ ਫੌਜ ਨੇ ਇਰਾਨ ਉਪਰ ਵੱਡਾ ਹਮਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਖਾਰਗ ਟਾਪੂ ’ਤੇ ਮੌਜੂਦ ਫੌਜੀ ਠਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸਮਾਜਿਕ ਮੀਡੀਆ ਰਾਹੀਂ ਸਾਂਝੀ ਕਰਦਿਆਂ ਇਰਾਨ ਨੂੰ ਕੜੀ ਚੇਤਾਵਨੀ ਵੀ ਦਿੱਤੀ ਹੈ।
ਟਰੰਪ ਨੇ ਕਿਹਾ ਕਿ ਜੇਕਰ ਹਾਲਾਤ ਨਾ ਬਦਲੇ ਤਾਂ ਅਗਲਾ ਨਿਸ਼ਾਨਾ ਇਰਾਨ ਦਾ ਤੇਲ ਸੰਬੰਧੀ ਢਾਂਚਾ ਵੀ ਬਣ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਖੇਤਰ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖਾਰਗ ਟਾਪੂ ਫਾਰਸ ਦੀ ਖਾੜੀ ਵਿੱਚ ਸਥਿਤ ਇੱਕ ਮਹੱਤਵਪੂਰਨ ਥਾਂ ਹੈ ਅਤੇ ਇਸਨੂੰ ਇਰਾਨ ਦੀ ਤੇਲ ਬਰਾਮਦਗੀ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਤੇਲ ਦਾ ਵੱਡਾ ਹਿੱਸਾ ਇੱਥੋਂ ਹੀ ਰਵਾਨਾ ਹੁੰਦਾ ਹੈ, ਜਿਸ ਕਾਰਨ ਇਸ ਟਾਪੂ ਨੂੰ ਇਰਾਨ ਦੀ ਆਰਥਿਕਤਾ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਨਾ ਹਮਲਿਆਂ ਦੇ ਕਾਰਨ ਬਾਕੀ ਦੇਸ਼ਾਂ ਅੰਦਰ ਵੀ ਭਾਰੀ ਤਣਾਅ ਦਾ ਮਾਹੌਲ ਦੇਖਿਆ ਜਾ ਰਿਹਾ ਹੈ।