ਇੰਗਲੈਡ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ ਕਾਰਨ ਪਰਿਵਾਰ ਸਦਮੇ ਵਿਚ
ਫਿਰੋਜ਼ਪੁਰ, 9 ਜੁਲਾਈ : ਫਿਰੋਜਪੁਰ ਦੇ ਨੇੜਲੇ ਪਿੰਡ ਦੇ ਇਕ ਨੌਜਵਾਨ ਦੀ ਇੰਗਲੈਡ ਵਿਚ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਿਸ ਕਾਰਨ ਪਰਿਵਾਰ ਨੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ 26 ਸਾਲਾ ਸਹਿਜੀਤ ਸਿੰਘ ਵਜੋਂ ਹੋਈ ਹੈ, ਜੋ ਉੱਚ ਸਿੱਖਿਆ ਲਈ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਹਿਜੀਤ ਸਿੰਘ 17 ਜੂਨ 2021 ਨੂੰ ਸਟੱਡੀ ਵੀਜ਼ਾ ‘ਤੇ ਲੰਡਨ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ‘ਤੇ ਨੌਕਰੀ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਮਿਹਨਤ ਕਰ ਰਿਹਾ ਸੀ।
ਪਰਿਵਾਰ ਦੇ ਅਨੁਸਾਰ ਮੌਤ ਤੋਂ ਦੋ ਦਿਨ ਪਹਿਲਾਂ ਸਹਿਜੀਤ ਨੇ ਵੀਡੀਓ ਕਾਲ ਰਾਹੀਂ ਘਰਵਾਲਿਆਂ ਨਾਲ ਗੱਲਬਾਤ ਕੀਤੀ ਸੀ। ਉਸ ਵੇਲੇ ਉਹ ਬਿਲਕੁਲ ਤੰਦਰੁਸਤ ਅਤੇ ਖੁਸ਼ ਨਜ਼ਰ ਆ ਰਿਹਾ ਸੀ। ਇਸਤੋਂ ਬਾਅਦ ਅਚਾਨਕ ਉਸ ਨਾਲ ਸੰਪਰਕ ਟੁੱਟ ਗਿਆ, ਜਿਸ ਕਾਰਨ ਪਰਿਵਾਰ ਚਿੰਤਤ ਹੋ ਗਿਆ। ਉਸਨੂੰ ਬੇਹੋਸੀਦੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹੁਣ ਫਿਲਹਾਲ ਮੌਤ ਦੇ ਅਸਲ ਕਾਰਨਾਂ ਦੀ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।