ਟਰੈਫ਼ਿਕ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ
-ਭੁਪਿੰਦਰਾ ਰੋਡ ‘ਤੇ ਪੀਲੀ ਲਾਈਨ ਨਾਲ ਪਾਰਕਿੰਗ ਕਰਨ ਲਈ ਸਥਾਨ ਨਿਸ਼ਚਿਤ ਕੀਤਾ ਜਾਵੇ : ਡਿਪਟੀ ਕਮਿਸ਼ਨਰ
– ਸੜ੍ਹਕਾਂ ਦੇ ਬਲੈਕ ਸਪਾਟਸ ਨੂੰ ਦੂਰ ਕਰਨ ਲਈ ਵਿਭਾਗਾਂ ਵੱਲੋਂ ਕਰਵਾਈ ਜਾਰੀ, ਜਲਦੀ ਮਿਲੇਗੀ ਲੋਕਾਂ ਨੂੰ ਰਾਹਤ
-ਡਿਪਟੀ ਕਮਿਸ਼ਨਰ ਨੇ ਸ਼ਹਿਰ ‘ਚ ਸਾਈਕਲ ਟਰੈਕ ਬਣਾਉਣ ਲਈ ਸੜਕ ਦੀ ਸ਼ਨਾਖਤ ਕਰਨ ਲਈ ਕਿਹਾ
-ਸ਼ਹਿਰ ‘ਚ ਭਾਰੀ ਵਾਹਨਾਂ ਦੀ ਐਂਟਰੀ ਸਬੰਧੀ ਜਾਰੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ : ਸਾਕਸ਼ੀ ਸਾਹਨੀ
-ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੀ ਬੈਠਕ
ਪਟਿਆਲਾ, 17 ਮਾਰਚ:
ਪਟਿਆਲਾ ਸ਼ਹਿਰ ‘ਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਬੰਧਤ ਵਿਭਾਗਾਂ ਨੂੰ ਖੜੇ ਵਾਹਨਾਂ ਦੀ ਪਾਰਕਿੰਗ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਭੁਪਿੰਦਰਾ ਰੋਡ ‘ਤੇ ਪੀਲੀ ਲਾਈਨ ਨਾਲ ਮਾਰਕਿੰਗ ਕੀਤੀ ਜਾਵੇ, ਤਾਂ ਜੋ ਵਾਹਨਾਂ ਦੀ ਸਹੀ ਪਾਰਕਿੰਗ ਹੋਣ ਨਾਲ ਟਰੈਫ਼ਿਕ ਸੁਚਾਰੂ ਢੰਗ ਨਾਲ ਚੱਲ ਸਕੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਪੀ.ਡਬਲਿਊ.ਡੀ. ਅਤੇ ਟਰੈਫ਼ਿਕ ਪੁਲਿਸ ਨੂੰ ਸਾਂਝੇ ਤੌਰ ‘ਤੇ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਮਨੀਪਾਲ ਹਸਪਤਾਲ ਤੋਂ ਕਰ ਅਤੇ ਆਬਕਾਰੀ ਵਿਭਾਗ ਤੱਕ ਪੀਲੀ ਲਾਈਨ ਲਗਾਕੇ ਪਾਰਕਿੰਗ ਨੂੰ ਸੁਚਾਰੂ ਕੀਤਾ ਜਾਵੇ ਅਤੇ ਪੀਲੀ ਲਾਈਨ ਤੋਂ ਬਾਹਰ ਖੜਨ ਵਾਲੇ ਵਾਹਨਾਂ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਸੜ੍ਹਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ 55 ਬਲੈਕ ਸਪਾਟਸ ਨੂੰ ਦੂਰ ਕਰਨ ਲਈ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਲਈ, ਜਿਸ ‘ਤੇ ਪੀ.ਡਬਲਿਊ.ਡੀ. ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ ਨੇ ਦੱਸਿਆ ਕਿ ਬਲੈਕ ਸਪਾਟਸ ਨੂੰ ਦੂਰ ਕਰਨ ਲਈ ਟੈਂਡਰ ਕਰ ਦਿੱਤੇ ਗਏ ਹਨ ਤੇ ਜਲਦੀ ਹੀ ਬਲੈਕ ਸਪਾਟਸ ਦੂਰ ਕੀਤੇ ਜਾਣਗੇ।
ਸਾਕਸ਼ੀ ਸਾਹਨੀ ਨੇ ਪਟਿਆਲਾ ਸ਼ਹਿਰ ਦੀ ਇੱਕ ਸੜਕ ‘ਤੇ ਸਾਈਕਲ ਟਰੈਕ ਬਣਾਉਣ ਲਈ ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਐਕਸੀਅਨ ਪੀ.ਡਬਲਿਊ.ਡੀ. ਪਿਊਸ਼ ਅਗਰਵਾਲ ਅਤੇ ਟਰੈਫ਼ਿਕ ਇੰਚਾਰਜ ਪ੍ਰੀਤਇੰਦਰ ਸਿੰਘ ਨੂੰ ਅਜਿਹੀ ਸੜਕ ਦੀ ਸ਼ਨਾਖਤ ਕਰਨ ਲਈ ਕਿਹਾ ਜਿਥੇ ਸਾਈਕਲ ਟਰੈਕ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ‘ਚ ਦਿਨ ਵੇਲੇ ਭਾਰੀ ਵਾਹਨਾਂ ਦੀ ਐਂਟਰੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਭਾਰੀ ਵਾਹਨਾਂ ਦੀ ਐਂਟਰੀ ਸਬੰਧੀ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮਾਰਕੰਨ, ਡੀ.ਐਸ.ਪੀ. ਕਰਮਬੀਰ ਸਿੰਘ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਪਟਿਆਲਾ ਫਾਊਂਡੇਸ਼ਨ ਦੇ ਨੁਮਾਇੰਦੇ ਸਮੇਤ ਲੋਕ ਨਿਰਮਾਣ, ਈ.ਓਜ਼ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।