ਪੰਜਾਬ ਨੂੰ ਨਸ਼ਿਆਂ ਦੀ ਦਲਦਲ 'ਚ ਨਹੀਂ ਫਸਣ ਦੇਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ-ਡਾ. ਬਲਬੀਰ ਸਿੰਘ
ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਨਹੀਂ ਫਸਣ ਦੇਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ-ਡਾ. ਬਲਬੀਰ ਸਿੰਘ
-ਕਿਹਾ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਕਿਸੇ ਮਕਸਦ ਨਾਲ ਜੋੜਨ ਤੇ ਨਸ਼ਿਆਂ ਦੀ ਮੰਗ ਘਟਾਕੇ ਸਿਹਤਮੰਦ ਕਰਨ ਦਾ ਕੰਮ ਕਰ ਰਿਹੈ ਸਿਹਤ ਵਿਭਾਗ, ਪੁਲਿਸ ਤੋੜ ਰਹੀ ਹੈ ਸਪਲਾਈ ਚੇਨ
-ਨਸ਼ੇ ਦੇ ਆਦੀਆਂ ਨੂੰ ਮੌਤ ਤੇ ਜੇਲ੍ਹ ਦਾ ਰਸਤਾ ਛੱਡਕੇ ਜਿੰਦਗੀ ਵਾਲਾ ਰਾਹ ਚੁਣਨ ਦੀ ਦਿੱਤੀ ਸਲਾਹ
-ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ‘ਚ ਬ੍ਰਹਮਕੁਮਾਰੀਜ਼ ਨੇ ਮਨਾਇਆ ਰੱਖੜੀ ਦਾ ਤਿਉਹਾਰ
ਪਟਿਆਲਾ, 30 ਅਗਸਤ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਡਰੋਨਾਂ ਤੇ ਹੋਰ ਸਾਧਨਾਂ ਰਾਹੀਂ ਨਸ਼ੇ ਭੇਜਕੇ ਸੂਬੇ ਨੂੰ ਜਾਣਬੁੱਝ ਕੇ ਨਸ਼ਿਆਂ ਦੇ ਰਾਹ ‘ਤੇ ਧੱਕਿਆ ਜਾ ਰਿਹਾ ਹੈ, ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਸ਼ਮਣਾਂ ਦੇ ਅਜਿਹੇ ਮਾੜੇ ਮਨਸੂਬੇ ਸਫ਼ਲ ਨਹੀਂ ਹੋਣ ਦੇਵੇਗੀ।
ਅੱਜ ਇੱਥੇ ਰੈਡ ਕਰਾਸ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਬ੍ਰਹਮਾਕੁਮਾਰੀਜ਼ ਵੱਲੋਂ ਮਨਾਏ ਗਏ ਰੱਖੜੀ ਦੇ ਤਿਉਹਾਰ ਮੌਕੇ ਸਿਹਤ ਮੰਤਰੀ ਨੇ ਨਸ਼ੇ ਦੇ ਆਦੀਆਂ ਨੂੰ ਸਲਾਹ ਦਿੱਤੀ ਕਿ ਉਹ ਮੌਤ ਤੇ ਜੇਲ੍ਹ ਦਾ ਰਸਤਾ ਤਿਆਗਕੇ ਜਿੰਦਗੀ ਦਾ ਰਸਤਾ ਚੁਣਨ। ਇਸ ਮੌਕੇ ਬ੍ਰਹਮਾ ਕੁਮਾਰੀਜ਼ ਡਾ. ਰਮਾ ਅਤੇ ਪਿੰਕੀ ਦੀਦੀ ਨੇ ਸਿਹਤ ਮੰਤਰੀ ਤੇ ਸਾਕੇਤ ਹਸਪਤਾਲ ਦੇ ਸਟਾਫ਼ ਨੂੰ ਵੀ ਰੱਖੜੀਆਂ ਬੰਨ੍ਹੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਨਸ਼ੇ ਛੱਡਣ ਲਈ ਦਾਖਲ ਵਿਅਕਤੀਆਂ ਨੂੰ ਰੱਖੜੀਆਂ ਬੰਨ੍ਹੀਆਂ ਅਤੇ ਨਸ਼ਾ ਮੁਕਤੀ ਲਈ ਦ੍ਰਿੜ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਆਦੀਆਂ ਨੂੰ ਸਮਾਂ ਰਹਿੰਦੇ ਆਪਣੀ ਗ਼ਲਤੀ ਸੁਧਾਰ ਲੈਣੀ ਚਾਹੀਦੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਆਉਂਦੇ ਇੱਕ ਸਾਲ ਵਿੱਚ ਨਸ਼ਾ ਮੁਕਤ ਕਰਨ ਦਾ ਬੀੜਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਜਰੂਰ ਕੱਢ ਲਵੇਗੀ ਤੇ ਪੰਜਾਬ ਜਰੂਰ ਨਸ਼ਾ ਮੁਕਤ, ਰੰਗਲਾ ਪੰਜਾਬ ਤੇ ਸਿਹਤਮੰਦ ਪੰਜਾਬ ਬਣੇਗਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਦੇ ਆਦੀਆਂ ਦਾ ਸਟਿਗਮਾ ਘਟਾਕੇ ਉਨ੍ਹਾਂ ਨੂੰ ਟੀਕਿਆਂ ਤੋਂ ਗੋਲੀਆਂ ‘ਤੇ ਲਿਆ ਕੇ ਅਤੇ ਬਾਅਦ ਵਿੱਚ ਨਸ਼ਾ ਮੁਕਤ ਕਰਨ ਸਮੇਤ ਨਸ਼ਾ ਮੁਕਤੀ ਕੇਂਦਰਾਂ ਜਰੀਏ ਹੁਨਰਮੰਦ ਬਣਾਉਣ ਤੇ ਇਲਾਜ ਕਰਕੇ ਸੂਬੇ ਵਿੱਚ ਨਸ਼ਿਆਂ ਦੀ ਮੰਗ ਘਟਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨਸ਼ੇ ਦੇ ਆਦੀਆਂ ਨੂੰ ਕਿਹਾ ਕਿ ਜਿਸ ਰਾਹ ‘ਤੇ ਉਹ ਚੱਲ ਰਹੇ ਹਨ, ਉਹ ਜੇਲ੍ਹਾਂ ਜਾਂ ਮੌਤ ਦਾ ਰਾਹ ਹੈ ਪਰੰਤੂ ਹੁਣ ਉਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਅੱਗੇ ਆਈ ਹੈ, ਇਸ ਲਈ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਖਾਤਰ ਇਹ ਗ਼ਲਤ ਰਾਹ ਛੱਡਕੇ ਜਿੰਦਗੀ ਦਾ ਰਸਤਾ ਅਪਨਾਉਣ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਕਰਨਲ ਜੇ.ਵੀ. ਸਿੰਘ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡਾ. ਸੁਧੀਰ ਵਰਮਾ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਕੁਮਾਰ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਜਸਵਿੰਦਰ ਸਿੰਘ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਕੌਂਸਲਰ ਚਾਰੂ ਗੌਤਮ, ਪਰਮਿੰਦਰ ਵਰਮਾ, ਡਾ. ਸੰਦੀਪ ਸਿੰਘ, ਅਮਰਜੀਤ ਕੌਰ, ਅੰਮ੍ਰਿਤਪਾਲ, ਜਗਤਾਰ ਸਿੰਘ ਜੱਗੀ, ਪਰਮਿੰਦਰ ਭਲਵਾਨ ਤੇ ਰੁਪਿੰਦਰ ਕੌਰ ਅਤੇ ਸਾਕੇਤ ਹਸਪਤਾਲ ਦਾ ਸਟਾਫ਼ ਮੌਜੂਦ ਸੀ।