ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬ, 08 July- ਪੰਜਾਬ ਭਰ ‘ਚ ਮੌਸਮ ਬਦਲ ਗਿਆ ਹੈ ਜਿਥੇ ਲੋਕਾਂ ਨੂੰ ਭਖਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ । ਦਰਅਸਲ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਨੂੰ ਮੀਂਹ ਪਿਆ ਹੈ ਅਤੇ ਸ਼ਨੀਵਾਰ ਨੂੰ ਵੀ ਲਗਾਤਾਰ ਮੀਹ ਪੈ ਰਿਹਾ ਹੈ । ਸ਼ੁਕਰਵਾਰ ਨੂੰ ਪੰਜਾਬ ਦੇ ਰੂਪਨਗਰ, ਗੁਰਦਾਸਪੁਰ ਅਤੇ ਲੁਧਿਆਣਾ ’ਚ ਭਾਰੀ ਮੀਂਹ ਪਿਆ ਜਦਕਿ ਸੂਬੇ ਦੇ ਬਾਕੀ ਜ਼ਿਲ੍ਹਿਆਂ ’ਚ ਬੂੰਦਾਂਬਾਦੀ ਹੀ ਰਹੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ਨਿਚਰਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਜ਼ਿਲ੍ਹਿਆਂ ’ਚ ਆਮ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਮੁਤਾਬਕ 9 ਜੁਲਾਈ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ 10 ਜੁਲਾਈ ਤੋਂ ਮੌਸਮ ਸਾਫ਼ ਹੋ ਜਾਵੇਗਾ। ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੂਪਨਗਰ ’ਚ 21 ਮਿਲੀਮੀਟਰ, ਗੁਰਦਾਸਪੁਰ ਤੇ ਨਵਾਂਸ਼ਹਿਰ ’ਚ 4.2 ਮਿਲੀਮੀਟਰ, ਲੁਧਿਆਣਾ ’ਚ 0.5 ਮਿਲੀਲੀਟਰ ਤੇ ਚੰਡੀਗੜ੍ਹ ’ਚ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਹ ਪੈਣ ਦੇ ਨਾਲ ਮੌਸਮ ਠੰਡਾ ਹੋ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।